ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਜੂਨ
ਇੱਥੇ ਕੇਂਦਰੀ ਜੇਲ੍ਹ ਵਿੱਚ ਅੱਜ ਦੋ ਧੜੇ ਆਪਸ ’ਚ ਉਲਝ ਗਏ। ਸਮਾਂ ਰਹਿੰਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਵਿੱਚ ਬਚਾਅ ਕਰ ਲਿਆ ਪਰ ਇਸ ਦੌਰਾਨ ਸੂਏ ਨਾਲ ਇੱਕ ਨੌਜਵਾਨ ਨੇ ਕਾਂਗਰਸੀ ਆਗੂ ਤੇ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਸ਼ੁਭਮ ਅਰੋੜਾ ਉਰਫ਼ ਸ਼ੁਭਮ ਮੋਟਾ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਫੱਟੜ ਹੋ ਗਿਆ। ਜ਼ਖਮੀ ਸ਼ੁਭਮ ਮੋਟਾ ਦਾ ਇਲਾਜ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਸ਼ੁਭਮ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਜੇਲ੍ਹ ’ਚ ਹੈ ਤੇ ਅੰਦਰ ਮਨੀ ਨਾਂ ਦਾ ਹਵਾਲਾਤੀ ਬੰਦ ਹੈ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਨਸ਼ੀਲਾ ਪਦਾਰਥ ਜੇਲ੍ਹ ਅੰਦਰ ਲਿਆਉਂਦਾ ਹੈ ਤੇ ਅੰਦਰ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਸਪਲਾਈ ਕਰਦਾ ਹੈ। ਇਸ ਬਾਰੇ ਪਤਾ ਲੱਗਣ ’ਤੇ ਉਸਨੇ ਮਨੀ ਨੂੰ ਸਮਝਾਇਆ ਜਿਸ ਕਾਰਨ ਅੱਜ ਦੁਪਹਿਰ ਦੋਵਾਂ ’ਚ ਕਾਫ਼ੀ ਬਹਿਸ ਹੋ ਗਈ, ਪਰ ਵਿੱਚ ਬਚਾਅ ਕਾਰਨ ਮਾਮਲਾ ਸ਼ਾਂਤ ਹੋ ਗਿਆ। ਕੁਝ ਸਮੇਂ ਬਾਅਦ ਦੋਵੇਂ ਧੜਿਆਂ ਦੇ ਮੈਂਬਰ ਇਕੱਠੇ ਹੋ ਗਏ ਤੇ ਆਪਸ ਵਿੱਚ ਉਲਝ ਗਏ। ਸ਼ੁਭਮ ਨੇ ਦੋਸ਼ ਲਾਇਆ ਕਿ ਮਨੀ ਕੋਲ ਸੂਏ ਵਰਗੀ ਕੋਈ ਤਿੱਖੀ ਚੀਜ਼ ਸੀ। ਕੁੱਟਮਾਰ ਦੌਰਾਨ ਉਸ ਨਾਲ ਹੀ ਮਨੀ ਨੇ ਵਾਰ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਹੈ। ਹਮਲਾਵਾਰਾਂ ਨੇ ਸ਼ੁਭਮ ਦੇ ਸਿਰ, ਗਰਦਨ ਤੇ ਢਿੱਡ ਵਿੱਚ ਸੂਏ ਨਾਲ ਵਾਰ ਕੀਤੇ। ਡਾਕਟਰਾਂ ਨੇ ਇਲਾਜ ਮਗਰੋਂ ਉਸਨੂੰ ਦੁਬਾਰਾ ਜੇਲ੍ਹ ਵਾਪਸ ਭੇਜ ਦਿੱਤਾ ਹੈ। ਦੂਜੇ ਪਾਸੇ ਜਿਵੇਂ ਹੀ ਜੇਲ੍ਹ ਦੇ ਬਾਹਰ ਸ਼ੁਭਮ ਮੋਟਾ ਦੇ ਜ਼ਖਮੀ ਹੋਣ ਤੇ ਉਸਨੂੰ ਸਿਵਲ ਹਸਪਤਾਲ ਲਿਆਉਣ ਦੀ ਸੂਚਨਾ ਉਸਦੇ ਸਾਥੀਆਂ ਨੂੰ ਮਿਲੀ ਤਾਂ ਉਹ ਸਿਵਲ ਹਸਪਤਾਲ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲੀਸ ਨੇ ਵੱਡੀ ਗਿਣਤੀ ’ਚ ਪੁਲੀਸ ਕਰਮੀ ਸਿਵਲ ਹਸਪਤਾਲ ’ਚ ਤਾਇਨਾਤ ਕਰ ਦਿੱਤੇ, ਜਿਸ ਕਾਰਨ ਹਸਪਤਾਲ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ।
ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਦੋ ਧੜਿਆਂ ਦੇ ਨੌਜਵਾਨਾਂ ਵਿੱਚ ਲੜਾਈ ਹੋਈ ਹੈ ਜਿਸਦੀ ਪੜਤਾਲ ਕੀਤੀ ਜਾ ਰਹੀ ਹੈ। ਇੱਕ ਨੌਜਵਾਨ ਨੂੰ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਉਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ ਮਾਮਲੇ ਦੀ ਤਫ਼ਤੀਸ਼ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।