ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਅਕਤੂਬਰ
ਵੱਖ ਵੱਖ ਇਲਾਕਿਆਂ ਵਿੱਚ ਹੋਏ ਦੋ ਸੜਕ ਹਾਦਸਿਆਂ ਦੌਰਾਨ ਇਕ ਬਜ਼ੁਰਗ ਸਮੇਤ ਦੋ ਦੀ ਮੌਤ ਹੋ ਗਈ ਹੈ। ਥਾਣਾ ਡੇਹਲੋਂ ਦੀ ਪੁਲੀਸ ਨੂੰ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਭਰਾ ਚਰਨਜੀਤ ਸਿੰਘ (34) ਉਸ ਨਾਲ ਮੋਟਰਸਾਈਕਲ ’ਤੇ ਕੰਮ ਉੱਪਰ ਜਾ ਰਿਹਾ ਸੀ ਤਾਂ ਡੇਰਾ ਆਸਾਰਾਮ ਨੇੜੇ ਇਕ ਨਾਮਲੂਮ ਕੈਂਟਰ ਚਾਲਕ ਨੇ ਮੋਟਰਸਾਈਕਲ ਵਿੱਚ ਟੱਕਰ ਮਾਰੀ ਜਿਸ ਨਾਲ ਉਹ ਦੋਹੇਂ ਜਣੇ ਹੇਠਾਂ ਡਿੱਗ ਪਏ ਅਤੇ ਜ਼ਖ਼ਮੀ ਹੋ ਗਏ। ਉਸ ਦੇ ਭਰਾ ਚਰਨਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸਬ ਇੰਸਪੈਕਟਰ ਜਤਿੰਦਰ ਕੌਰ ਨੇ ਦੱਸਿਆ ਹੈ ਕਿ ਪੁਲੀਸ ਨੇ ਨਾਮਾਲੂਮ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਰਜ਼ਾਪੁਰ ਪੱਤੀ ਵਾਸੀ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਕੇਵਲ ਸਿੰਘ (60) ਮੋਟਰਸਾਈਕਲ ਤੇ ਆਪਣੇ ਕੰਮ ’ਤੇ ਜਾ ਰਹੇ ਸਨ ਤਾਂ ਪਿੰਡ ਰਸੂਲਪੁਰ ਪਤੀ ਹੰਬੜਾ ਰੋਡ ਨੇੜੇ ਕੈਂਟਰ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਮੋਟਰਸਾਈਕਲ ਵਿੱਚ ਟੱਕਰ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਸਖ਼ਤ ਜ਼ਖ਼ਮੀ ਹੋ ਗਏ। ਜਦੋਂ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਨੇ ਕੈਂਟਰ (ਨੰ. ਪੀਬੀ10 ਏਸੀ 8645) ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।