ਗੁਰਿੰਦਰ ਸਿੰਘ
ਲੁਧਿਆਣਾ, 17 ਅਗਸਤ
ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਪਿੰਡ ਜਸਪਾਲ ਬਾਂਗਰ ਵਾਸੀ ਜਾਗਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਪਰਮਜੀਤ ਕੌਰ (55) ਅਤੇ ਜੀਜਾ ਗੁਰਮੇਲ ਸਿੰਘ ਵਾਸੀ ਪਿੰਡ ਕੂੰਮ ਖੁਰਦ ਆਪਣੀ ਕਾਰ ਵਿੱਚ ਉਸਦੇ ਪਰਿਵਾਰ ਨੂੰ ਮਿਲਣ ਲਈ ਆ ਰਹੇ ਸਨ ਕਿ ਜਦੋਂ ਉਹ ਟਿੱਬਾ ਨਹਿਰ ਪੁਲ ਨੇੜੇ ਪੁੱਜੇ ਤਾਂ ਇੱਕ ਟਰੱਕ ਚਾਲਕ ਨੇ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਈ-ਰਿਕਸ਼ਾ ਨੂੰ ਫੇਟ ਮਾਰ ਦਿੱਤੀ ਤੇ ਫਿਰ ਗੁਰਮੇਲ ਸਿੰਘ ਦੀ ਕਾਰ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਰਮਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਜਿਸਨੂੰ ਪੀਜੀਆਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੱਕ ਚਾਲਕ ਸੋਹਣ ਸਿੰਘ ਵਾਸੀ ਪਿੰਡ ਮਾਧੋਪੁਰ ਜ਼ਿਲ੍ਹਾ ਰੋਪੜ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਪ੍ਰਭਾਤ ਨਗਰ ਨੇੜੇ ਢੋਲੇਵਾਲ ਵਾਸੀ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਵੱਡਾ ਲੜਕਾ ਸ਼ਾਮ ਸੁੰਦਰ (28) ਰਾਤ ਨੂੰ ਕੰਮ ਤੋਂ ਛੁੱਟੀ ਕਰ ਕੇ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਲੜਕੇ ਦਾ ਮਿਲਟਰੀ ਕੈਂਪ ਨੇੜੇ ਸ਼ੇਰਪੁਰ ਚੌਕ ਐਕਸੀਡੈਂਟ ਹੋਇਆ ਹੈ। ਉਹ ਜਦੋਂ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀ ਹਾਲਤ ਵਿੱਚ ਲੜਕੇ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹੌਲਦਾਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਅੱਛੇ ਲਾਲ ਸਿੰਘ ਵਾਸੀ ਪ੍ਰੇਮ ਕਲੋਨੀ ਨੰਦਪੁਰ ਨੇ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਸਾਈਕਲ ’ਤੇ ਕੰਮ ਲਈ ਜਾ ਰਿਹਾ ਸੀ ਕਿ ਧਰੋੜ ਸੂਆ ਪੁਲੀ ਤੋਂ ਥੋੜ੍ਹਾ ਅੱਗੇ ਪਿੱਛੋਂ ਇੱਕ ਟਰੱਕ ਚਾਲਕ ਨੇ ਆਪਣਾ ਟਰੱਕ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾਉਂਦਿਆਂ ਉਸਨੂੰ ਫੇਟ ਮਾਰੀ, ਜਿਸ ਨਾਲ ਉਸਦੀ ਸੱਜੀ ਬਾਂਹ ਬੁਰੀ ਤਰ੍ਹਾਂ ਕੁਚਲੀ ਗਈ। ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫ਼ਰਾਰ ਹੋ ਗਿਆ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।