ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 18 ਸਤੰਬਰ
ਥਾਣਾ ਦਾਖਾ ਦੀ ਪੁਲੀਸ ਨੇ ਪਿੰਡ ਦਾਖਾ ਵਾਸੀ ਰਜਨੀਸ਼ ਕੌਰ ਦੀ ਸ਼ਿਕਾਇਤ ’ਤੇ ਲੁਧਿਆਣਾ ਦੀ ਕਰੋਲ ਬਾਗ਼ ਕਾਲੋਨੀ ਦੇ ਰਹਿਣ ਵਾਲੇ ਨਿਰਮਲ ਸਿੰਘ ਪੁੱਤਰ ਮਨੋਹਰ ਸਿੰਘ ਖ਼ਿਲਾਫ਼ ਧੋਖਾਧੜੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਰਣਧੀਰ ਸਿੰਘ ਅਨੁਸਾਰ ਮਾਮਲੇ ਦੀ ਮੁੱਢਲੀ ਪੜਤਾਲ ਵਿਚ ਲੁਧਿਆਣਾ (ਦਿਹਾਤੀ) ਦੇ ਪੁਲੀਸ ਕਪਤਾਨ (ਜਾਂਚ) ਵੱਲੋਂ ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਆਦੇਸ਼ ਅਨੁਸਾਰ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਸ਼ਿਕਾਇਤਕਰਤਾ ਰਜਨੀਸ਼ ਕੌਰ ਨੇ ਸ਼ਿਕਾਇਤ ਵਿਚ ਦੋਸ਼ ਲਾਏ ਹਨ ਕਿ ਨੌਕਰੀ ਦਾ ਸਬਜ਼ਬਾਗ਼ ਦਿਖਾ ਕੇ ਅਮਾਨਤ ਵਜੋਂ ਸੈਂਟਰਲ ਬੈਂਕ ਆਫ਼ ਇੰਡੀਆ ਦੇ 13 ਦਸਖ਼ਤ ਕੀਤੇ ਖ਼ਾਲੀ ਚੈੱਕ, ਦਸਖ਼ਤ ਕੀਤਾ ਸੌ ਰੁਪਏ ਦਾ ਅਸ਼ਟਾਮ ਅਤੇ ਅਸਲ ਪਾਸਪੋਰਟ ਨਿਰਮਲ ਸਿੰਘ ਵਾਸੀ ਕਰੋਲ ਬਾਗ਼ ਕਾਲੋਨੀ ਲੁਧਿਆਣਾ ਨੇ ਲਏ ਸਨ। ਪਰ ਬਾਅਦ ਵਿਚ ਇਨ੍ਹਾਂ ਕਾਗ਼ਜ਼ਾਂ ਦੇ ਸਹਾਰੇ ਝੂਠੇ ਕੇਸਾਂ ਵਿਚ ਫਸਾ ਦੇਣ ਦੀਆਂ ਧਮਕੀਆਂ ਦੇ ਕੇ ਦੋ ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਖ਼ਾਲੀ ਚੈੱਕਾਂ ਦੇ ਆਸਰੇ ਉਸ ਵਿਰੁੱਧ ਝੂਠੇ ਕੇਸ ਵੀ ਦਰਜ ਕਰਵਾਏ ਗਏ ਹਨ। ਜਾਂਚ ਅਫ਼ਸਰ ਥਾਣੇਦਾਰ ਰਣਧੀਰ ਸਿੰਘ ਅਨੁਸਾਰ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।