ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਦੋ ਨਾਬਾਲਗ ਲੜਕੀਆਂ ਅਤੇ ਇੱਕ ਲੜਕਾ ਭੇਤਭਰੀ ਹਾਲਤ ਵਿੱਚ ਲਾਪਤਾ ਹਨ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੂੰ ਕੂਚਾ ਨੰਬਰ ਸੱਤ ਫੀਲਡ ਗੰਜ ਵਾਸੀ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦੀ 17 ਸਾਲ ਦੀ ਲੜਕੀ ਚਾਰੂ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ ਪਰ ਵਾਪਸ ਨਹੀਂ ਪਰਤੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਕਈ ਥਾਵਾਂ ’ਤੇ ਭਾਲ ਕੀਤੀ ਗਈ ਹੈ, ਜਿਸ ਦੌਰਾਨ ਪਤਾ ਲੱਗਾ ਹੈ ਕਿ ਉਸ ਨੂੰ ਸ਼ਿਵਾ ਜੀ ਨਗਰ ਵਾਸੀ ਰਿਤੀਕ ਮਲਹੋਤਰਾ ਵਿਹਾਹ ਕਰਵਾਉਣ ਦੇ ਇਰਾਦੇ ਨਾਲ ਵਰਗਲਾ ਕੇ ਕਿਧਰੇ ਲੈ ਗਿਆ ਹੈ। ਦੂਜੇ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੂੰ ਗੁਰਪ੍ਰੀਤ ਸਿੰਘ ਵਾਸੀ ਮੋਤੀ ਬਾਗ ਕਲੋਨੀ ਫੁੱਲਾਂਵਾਲ ਨੇ ਦੱਸਿਆ ਕਿ ਉਸ ਦੀ 16 ਸਾਲ ਦੀ ਲੜਕੀ ਤਜਿੰਦਰ ਕੌਰ ਸਮੇਤ ਘਰ ਦੇ ਸਾਰੇ ਮੈਂਬਰ ਰਾਤ ਨੂੰ ਰੋਟੀ ਖਾ ਕੇ ਸੌਂ ਗਏ ਸਨ। ਜਦੋਂ ਉਹ ਤੜਕੇ ਉੱਠਿਆ ਤਾਂ ਦੇਖਿਆ ਕਿ ਤਜਿੰਦਰ ਕੌਰ ਆਪਣੇ ਮੰਜੇ ਤੋਂ ਗਾਇਬ ਸੀ। ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਇਸ ਦੌਰਾਨ ਪਤਾ ਲੱਗਿਆ ਕਿ ਉਸ ਨੂੰ ਮੋਤੀ ਬਾਗ ਕਲੋਨੀ ਫੁੱਲਾਂਵਾਲ ਵਾਸੀ ਸਰਤਾਜ ਖ਼ਾਨ ਵਿਆਹ ਕਰਾਉਣ ਦੀ ਨੀਅਤ ਨਾਲ ਵਰਗਲਾ ਕੇ ਲੈ ਗਿਆ ਹੈ।
ਤੀਜੇ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲੀਸ ਨੂੰ ਪ੍ਰੇਮ ਨਗਰ ਵਾਸੀ ਸੰਤੋਸ਼ ਨੇ ਦੱਸਿਆ ਹੈ ਕਿ ਉਸ ਦਾ 14 ਸਾਲ ਦਾ ਲੜਕਾ ਦਿਮਾਗੀ ਤੌਰ ’ਤੇ ਕਮਜ਼ੋਰ ਹੈ। ਉਹ ਕਰੀਮਪੁਰਾ ਬਾਜ਼ਾਰ ਵਿੱਖੇ ਕੱਪੜੇ ਦੀ ਦੁਕਾਨ ’ਤੇ ਗਿਆ ਸੀ ਪਰ ਉਹ ਵਾਪਸ ਨਹੀਂ ਪਰਤਿਆ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।