ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਸਤੰਬਰ
ਵੱਖ-ਵੱਖ ਥਾਵਾਂ ਤੋਂ ਭੇਤਭਰੀ ਹਾਲਤ ਵਿੱਚ ਵਿਆਹੁਤਾ ਸਮੇਤ ਦੋ ਲੜਕੀਆਂ ਲਾਪਤਾ ਹੋ ਗਈਆਂ ਹਨ। ਥਾਣਾ ਜੋਧੇਵਾਲ ਦੀ ਪੁਲੀਸ ਨੂੰ ਗਲੀ ਨੰਬਰ 1 ਨਿਊ ਹੀਰਾ ਨਗਰ ਕਾਕੋਵਾਲ ਰੋਡ ਵਾਸੀ ਦੀਪਕ ਕੈਂਥ ਨੇ ਦੱਸਿਆ ਕਿ ਉਸਦੀ ਸ਼ਾਦੀ ਸਾਲ 2006 ਵਿੱਚ ਹਰਪ੍ਰੀਤ ਕੌਰ ਉਰਫ਼ ਚਿੰਕੀ ਵਾਸੀ ਹਰਿਗੋਬਿੰਦ ਨਗਰ ਨਾਲ ਹੋਈ ਸੀ। ਉਹ ਸਵੇਰੇ 8 ਵਜੇ ਘਰੋਂ ਦਵਾਈ ਲੈਣ ਲਈ ਗਈ ਸੀ ਪਰ ਘਰ ਵਾਪਸ ਨਹੀਂ ਆਈ। ਉਸਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੀ। ਉਸਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਪੱਦੀ ਵਾਸੀ ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੀ ਲੜਕੀ (23) ਨੂੰ ਆਪਣੇ ਮੋਟਰਸਾਈਕਲ ’ਤੇ ਰੁੜ੍ਹਕਾ ਚੌਕ ਪਿੰਡ ਡੇਹਲੋਂ ਵਿੱਚ ਸਵੇਰੇ ਇੱਕ ਬਿਊਟੀ ਪਾਰਲਰ ’ਤੇ ਛੱਡਕੇ ਆਇਆ ਸੀ। ਉਹ ਜਦੋਂ ਪਿੰਡ ਆਲਮਗੀਰ ਤੋਂ ਵਾਪਸ ਪਿੰਡ ਸ਼ਰੀਂਹ ਆ ਰਿਹਾ ਸੀ ਤਾਂ ਦੇਖਿਆ ਕਿ ਉਸ ਦੀ ਲੜਕੀ ਕਿਸੇ ਅਣਪਛਾਤੇ ਨੌਜਵਾਨ ਨਾਲ ਮੋਟਰਸਾਈਕਲ ’ਤੇ ਲੁਧਿਆਣਾ ਸਾਈਡ ਜਾ ਰਹੀ ਸੀ ਜੋ ਹੁਣ ਤੱਕ ਘਰ ਵਾਪਸ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਭਾਲ ਕਰਨ ’ਤੇ ਪਤਾ ਲੱਗਾ ਕਿ ਉਸਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਬਲਜੀਤ ਸਿੰਘ ਮਾੜੀ ਨੀਯਤ ਨਾਲ ਵਰਗਲਾ ਕੇ ਕਿਧਰੇ ਲੈ ਗਿਆ ਹੈ। ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।