ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਮਈ
ਕੁਲਵੰਤ ਕੌਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਦੇ ਮਾਮਲੇ ’ਚ ਇਥੇ ਥਾਣਾ ਸਿਟੀ ਅੱਗੇ ਸ਼ੁਰੂ ਹੋਏ ਧਰਨੇ ਨੂੰ ਅੱਜ ਦੋ ਮਹੀਨੇ ਪੂਰੇ ਹੋ ਗਏ। ਧਰਨਾਕਾਰੀਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਅੰਦਰ ਦੋ ਤਰ੍ਹਾਂ ਦਾ ਕਾਨੂੰਨ ਕਿਉਂ ਲਾਗੂ ਕੀਤਾ ਜਾ ਰਿਹਾ ਹੈ ਜਿਹੜਾ ਗਰੀਬਾਂ ਲਈ ਹੋਰ ਅਤੇ ਅਮੀਰਾਂ ਲਈ ਹੋਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੁਲਵੰਤ ਕੌਰ ਤੇ ਪਰਿਵਾਰ ਨੂੰ ਸੋਲਾਂ ਸਾਲ ਤੱਕ ਇਨਸਾਫ਼ ਨਹੀਂ ਮਿਲਿਆ। ਜਦੋਂ ਡੇਢ ਦਹਾਕਾ ਮੰਜੇ ’ਤੇ ਲੱਗੇ ਰਹਿਣ ਮਗਰੋਂ ਲੜਕੀ ਫੌਤ ਹੋ ਗਈ ਤਾਂ ਪੁਲੀਸ ਨੇ ਕਿਸੇ ਤਰ੍ਹਾਂ ਡੀਐੱਸਪੀ ਸਮੇਤ ਚਾਰਾਂ ਖ਼ਿਲਾਫ਼ ਕੇਸ ਤਾਂ ਦਰਜ ਕੀਤਾ ਪਰ ਹੁਣ ਪੰਜ ਮਹੀਨੇ ਬੀਤ ਜਾਣ ’ਤੇ ਵੀ ਗ੍ਰਿਫ਼ਤਾਰੀਆਂ ਨਹੀਂ ਹੋ ਰਹੀਆਂ। ਹਾਲਾਂਕਿ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਖੁਦ ਧਰਨੇ ’ਚ ਆ ਕੇ ਇਨਸਾਫ਼ ਦਾ ਭਰੋਸਾ ਦੇ ਕੇ ਗਏ ਸਨ।ਧਰਨੇ ’ਚ ਪਹੁੰਚੇ ਇੰਟਰਨੈਸ਼ਨਲ ਪੰਥਕ ਦਲ ਦੇ ਕੌਮੀ ਪ੍ਰਧਾਨ ਜਥੇਦਾਰ ਦਲੀਪ ਸਿੰਘ ਚਕਰ ਤੇ ਪੰਜਾਬ ਪ੍ਰਧਾਨ ਹਰਚੰਦ ਸਿੰਘ ਚਕਰ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਤਿੱਖਾ ਕਰਕੇ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਈਆਂ ਜਾਣਗੀਆਂ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਹਾਜ਼ਰ ਸਨ।