ਗਗਨਦੀਪ ਅਰੋੜਾ
ਲੁਧਿਆਣਾ, 15 ਦਸੰਬਰ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ਦੇ ਜ਼ੱਚਾ-ਬੱਚਾ ਹਸਪਤਾਲ ਦੀ ਹਾਲਤ ਬੱਦਤਰ ਹੁੰਦੀ ਜਾ ਰਹੀ ਹੈ। ਮਰੀਜ਼ਾਂ ਦੀ ਗਿਣਤੀ ਬੈੈਡਾਂ ਨਾਲੋਂ ਵੱਧ ਹੋਣ ਕਾਰਨ ਇੱਕ ਬੈਡ ’ਤੇ ਦੋ-ਦੋ ਮਰੀਜ਼ ਪਏ ਹਨ। ਇੰਨਾ ਹੀ ਨਹੀਂ ਵਾਰਡ ਵਿੱਚ ਮਰੀਜ਼ਾਂ ਲਈ ਬਣਾਏ ਗਏ ਪਖਾਨਿਆਂ ’ਤੇ ਵੀ ਤਾਲੇ ਲੱਗੇ ਹੋਏ ਹਨ। ਥਾਂ-ਥਾਂ ਗੰਦਗੀ ਹੈ। ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਮਰੀਜ਼ ਕਹਿੰਦਾ ਹੈ ਕਿ ਉਸਦੀ ਤਬੀਅਤ ਖ਼ਰਾਬ ਹੋ ਰਹੀ ਹੈ ਤਾਂ ਉਸਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਵਿੱਚ ਰੈਫਰ ਕਰਨ ਦੀ ਗੱਲ ਆਖ਼ ਦਿੰਦੇ ਹਨ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹੀ ਗਰਭਵਤੀ ਔਰਤਾਂ ਦੇ ਲਈ ਜ਼ੱਚਾ-ਬੱਚਾ ਹਸਪਤਾਲ ਬਣਾਇਆ ਗਿਆ ਹੈ। ਇਥੇ ਵੱਡੀ ਗਿਣਤੀ ਵਿੱਚ ਗਰਭਵਤੀ ਇਲਾਜ ਲਈ ਪੁੱਜਦੀਆਂ ਹਨ। ਹਸਪਤਾਲ ਦੀ ਬਿਲਡਿੰਗ ਤਾਂ ਕਾਫ਼ੀ ਵੱਡੀ ਹੈ ਪਰ ਇੱਥੇ ਬੈੱਡਾਂ ਤੇ ਹੋਰ ਸਾਮਾਨ ਦੀ ਕਾਫ਼ੀ ਘਾਟ ਹੈ, ਜਿਸ ਕਰਕੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ। ਬੈੱਡ ਨਾ ਹੋਣ ਕਾਰਨ ਉਹ ਮਜਬੂਰੀ ਵਿੱਚ ਇੱਕ ਬੈੱਡ ’ਤੇ ਦੋ-ਦੋ ਮਰੀਜ਼ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ ਨਾਲ ਆਏ ਹੋਏ ਰਿਸ਼ਤੇਦਾਰ ਜਾਂ ਫਿਰ ਮਰੀਜ਼ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰ ਦੇ ਬੈਠਣ ਲਈ ਕੁਰਸੀ ਤੱਕ ਨਹੀਂ ਹੁੰਦੀ। ਦਵਾਈਆਂ ਵੀ ਬਾਹਰੋਂ ਲੈ ਕੇ ਆਉਣੀਆਂ ਪੈਂਦੀਆਂ ਹਨ।
ਸਿਵਲ ਸਰਜਨ ਵੱਲੋਂ ਸਮੱਸਿਆ ਦੇ ਹੱਲ ਦਾ ਭਰੋਸਾ
ਸਿਵਲ ਸਰਜਨ ਡਾ. ਐੱਸਪੀ ਸਿੰਘ ਦਾ ਕਹਿਣਾ ਹੈ ਕਿ ਹੋ ਸਕਦਾ ਹੈ, ਮਰੀਜ਼ਾਂ ਦੀ ਗਿਣਤੀ ਵੱਧ ਹੋਵੇ ਪਰ ਉਹ ਇਸ ਸਬੰਧ ਵਿੱਚ ਐੱਸਐੱਮਓ ਨਾਲ ਗੱਲ ਕਰਨਗੇ। ਉਥੇ ਜੇਕਰ ਬੈੱਡਾਂ ਦੀ ਜ਼ਰੂਰਤ ਹੈ ਜਾਂ ਫਿਰ ਕਿਸੇ ਹੋਰ ਚੀਜ਼ ਦੀ ਲੋੜ ਹੈ, ਉਹ ਸਮੇਂ ਸਿਰ ਉਥੇ ਜ਼ਰੂਰ ਭੇਜੀ ਜਾਵੇਗੀ।