ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 14 ਜੁਲਾਈ
ਤਿੰਨ ਹਥਿਆਰ ਰੱਖਣ ਵਾਲੇ ਅਸਲਾ ਧਾਰਕ ਹੁਣ ਇੱਕ ਲਾਇਸੈਂਸ ’ਤੇ ਸਿਰਫ ਦੋ ਹੀ ਹਥਿਆਰ ਰੱਖ ਸਕਣਗੇ। ਇਸ ਸਬੰਧੀ ਗ੍ਰਹਿ ਵਿਭਾਗ ਦਾ ਹੁਕਮ ਜਾਰੀ ਹੋ ਗਿਆ ਹੈ। ਇਨ੍ਹਾਂ ਹੁਕਮਾਂ ਸਬੰਧੀ ਵਧੀਕ ਜਿਲ੍ਹਾ ਮੈਜਿਸਟਰੇਟ ਨੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਦਾ ਹਵਾਲਾ ਦਿੰਦੇ ਹੋਏ ਅਸਲਾ ਧਾਰਕਾਂ ਨੂੰ ਨਵੀਆਂ ਹਦਾਇਤਾਂ ਬਾਰੇ ਹੁਕਮ ਜਾਰੀ ਕੀਤੇ ਹਨ । ਵਧੀਕ ਜ਼ਿਲ੍ਹਾ ਮੈਜਿਸਟਰੇਟ ਦਲਜੀਤ ਕੌਰ ਨੇ ਜਗਰਾਉਂ ਏਰੀਏ ਨਾਲ ਸਬੰਧਤ ਹਥਿਆਰ ਰੱਖਣ ਦੇ ਸ਼ੋਕੀਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਮੀਮੋ ਨੰਬਰ 11/19/2022-2ਗ/765-766 ਮਿਤੀ 27/6/2022 ਰਾਹੀਂ ਆਰਮਜ਼ ਐਕਟ (ਸੰਸੋਧਨ 2019) ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵਿਅਕਤੀ ਆਪਣੇ ਲਾਇਸੈਂਸ ’ਤੇ ਦੋ ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ। ਉਨ੍ਹਾਂ ਜਗਰਾਉਂ ਡਿਵੀਜ਼ਨ ਨਾਲ ਸਬੰਧਤ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਦੇ ਲਾਇਸੈਂਸ ’ਤੇ ਤਿੰਨ-ਤਿੰਨ ਹਥਿਆਰ ਦਰਜ ਹਨ,ਉਹ ਆਪਣਾ ਇੱਕ ਹਥਿਆਰ ਵੇਚਣ ਸਬੰਧੀ ਬਣਦੀ ਕਾਰਵਾਈ ਮਹੀਨੇ ਦੇ ਅੰਦਰ-ਅੰਦਰ ਪੂਰੀ ਕਰ ਲੈਣ। ਜਿਹੜਾ ਅਸਲਾ ਧਾਰਕ ਮਿੱਥੇ ਸਮੇਂ ਵਿੱਚ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਕਾਰਨ ਜਿਹੜੇ ਅਸਲਾ ਧਾਰਕਾਂ ਕੋਲ ਤਿੰਨ-ਤਿੰਨ ਹਥਿਆਰ ਰੱਖੇ ਹੋਏ ਉਨ੍ਹਾਂ ਨੂੰ ਵਾਧੂ ਹਥਿਆਰ ਵੇਚਣ ਲਈ ਸੋਚਾਂ ਪੈ ਗਈਆਂ ਹਨ। ਅਜਿਹੇ ਲੋਕ ਜਲਦੀ ਕਾਰਵਾਈ ਲਈ ਮਹਿੰਗੇ ਖਰੀਦੇ ਹਥਿਆਰ ਸਸਤੇ ਵਿੱਚ ਵੇਚਣ ਲਈ ਮਜਬੂਰ ਹੋਣਗੇ।