ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਵੱਖ ਵੱਖ ਥਾਵਾਂ ਤੇ ਹੋਏ ਸੜਕ ਹਾਦਸਿਆਂ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਪੀਏਯੂ ਦੀ ਪੁਲੀਸ ਨੂੰ ਪਿੰਡ ਕਿਸ਼ਨਪੁਰ ਜ਼ਿਲ੍ਹਾ ਸੀਤਾਪੁਰ (ਯੂਪੀ) ਵਾਸੀ ਵਿਨੋਦ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਗੁੱਡੀ (40) ਸਣੇ ਗੈਮਨ ਇੰਜਨੀਅਰਿੰਗ ਪ੍ਰਾਈਵੇਟ ਲਿਮਟਿਡ ਕੋਲ ਫਿਰੋਜ਼ਪੁਰ ਰੋਡ ਤੇ ਪੁਲ ਬਣਾਉਣ ਦਾ ਕੰਮ ਕਰ ਰਿਹਾ ਸੀ। ਟਰੱਕ ਦੇ ਡਰਾਈਵਰ ਅਨਮੋਲ ਵੱਲੋਂ ਆਪਣੀ ਜੇਸੀਬੀ ਦਾ ਸੱਜਾ ਟਾਇਰ ਗੁੱਡੀ ਉਪਰ ਚੜ੍ਹਾ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਥਾਣੇਦਾਰ ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਟਰੱਕ ਕਬਜ਼ੇ ਵਿੱਚ ਲੈ ਕੇ ਡਰਾਈਵਰ ਅਨਮੋਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਨੂੰ ਗਲੀ ਨੰਬਰ 9 ਡਾ. ਅੰਬੇਡਕਰ ਨਗਰ ਮਾਡਲ ਟਾਊਨ ਵਾਸੀ ਅਜੈ ਘਾਰੂ ਨੇ ਦੱਸਿਆ ਹੈ ਕਿ ਉਸ ਦਾ ਭਰਾ ਸੰਜੀਵ ਕੁਮਾਰ (31) ਅਤੇ ਭਰਜਾਈ ਸੋਨੀਆ (29) ਮੋਟਰਸਾਈਕਲ ’ਤੇ ਸਿਵਲ ਹਸਪਤਾਲ ਜਾ ਰਹੇ ਸੀ ਤਾਂ ਉਹ ਬੱਸ ਸਟੈਂਡ ਪੁਲ ਕੋਲ ਪੁੱਜੇ ਤਾਂ ਕਾਰ ਨੇ ਮੋਟਰਸਾਈਕਲ ਨੂੰ ਫੇਟ ਮਾਰੀ ਅਤੇ ਨਾਲ ਹੀ ਘਸੀਟ ਕੇ ਲੈ ਗਿਆ। ਇਸ ਕਾਰਨ ਸੋਨੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸੰਜੀਵ ਕੁਮਾਰ ਜ਼ਖ਼ਮੀ ਹੋ ਗਿਆ। ਉਸ ਨੂੰ ਡੀਐੱਮਸੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।