ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 18 ਸਤੰਬਰ
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਵਿਸ਼ੇਸ਼ ਦਸਤੇ ਵੱਲੋਂ ਲੁਧਿਆਣਾ-ਫ਼ਿਰੋਜਪੁਰ ਕੌਮੀ ਮਾਰਗ ਉੱਪਰ ਬੱਦੋਵਾਲ ਲਾਗੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਢਾਈ ਸੌ ਗਰਾਮ ਅਫ਼ੀਮ ਸਣੇ ਕਾਬੂ ਕੀਤਾ ਗਿਆ ਹੈ। ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਵਿਸ਼ੇਸ਼ ਦਸਤੇ ਦੀ ਇੰਚਾਰਜ ਸਬ-ਇੰਸਪੈਕਟ ਕਿਰਨਦੀਪ ਕੌਰ ਅਨੁਸਾਰ ਖ਼ਾਸ ਇਤਲਾਹ ਦੇ ਆਧਾਰ ’ਤੇ ਨਾਕਾਬੰਦੀ ਦੌਰਾਨ ਮਨਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਮੋਟਰਸਾਈਕਲ ’ਤੇ ਅਫ਼ੀਮ ਦੀ ਸਪਲਾਈ ਦੇਣ ਜਾਂਦਿਆਂ ਬੱਦੋਵਾਲ ਨੇੜੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਥਾਣਾ ਦਾਖਾ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ।
ਜਾਂਚ ਅਫ਼ਸਰ ਰਣਧੀਰ ਸਿੰਘ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਦੋਵੇਂ ਨੌਜਵਾਨਾਂ ਨੂੰ ਢਾਈ ਸੌ ਗਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ ਵਿਚ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਨਸ਼ੀਲੇ ਪਦਾਰਥ ਬਰਾਮਦ
ਥਾਣਾ ਸੁਧਾਰ ਦੀ ਪੁਲੀਸ ਨੇ ਨੌਜਵਾਨ ਨੂੰ ਚਾਰ ਗ੍ਰਾਮ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਨਸ਼ਾ ਤਸਕਰੀ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਨੂੰ ਮਿਲੀ ਇਕ ਖ਼ਾਸ ਸੂਚਨਾ ਦੇ ਆਧਾਰ ’ਤੇ ਰਵੀਦੀਪ ਸਿੰਘ ਉਰਫ਼ ਰਵੀ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪੱਖੋਵਾਲ ਦੇ ਘਰ ਛਾਪਾ ਮਾਰ ਕੇ ਚਾਰ ਗ੍ਰਾਮ ਨਸ਼ੀਲਾ ਪਦਾਰਥ, ਨਸ਼ੀਲੀਆਂ ਗੋਲੀਆਂ, ਮੋਬਾਈਲ ਫੋਨ ਅਤੇ ਨਗਦੀ ਬਰਾਮਦ ਕੀਤੀ ਗਈ ਹੈ।