ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੁਲਾਈ
ਸਨਅਤੀ ਸ਼ਹਿਰ ’ਚ ਬੀਤੇ ਦਿਨੀ ਪਬਜ਼ੀ ਗੇਮ ਨੇ 2 ਵਿਅਕਤੀਆਂ ਦੀ ਜ਼ਿੰਦਗੀ ਲੈ ਲਈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਬਜ਼ੀ ਖੇਡਣ ਵਾਲੇ 2 ਨੌਜਵਾਨਾਂ ਨੇ ਘਰ ’ਚ ਹੀ ਫਾਹਾ ਲੈ ਲਿਆ। ਦੋਵੇਂ ਰੋਜ਼ਾਨਾ ਕਈ ਘੰਟਿਆਂ ਤੱਕ ਗੇਮ ਖੇਡਦੇ ਸਨ ਤੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੇ ਸਨ। ਨਿਊ ਸ਼ਿਵਪੁਰੀ ਖੇਤਰ ’ਚ ਰਹਿਣ ਵਾਲੇ ਸੁਮਿਤ ਕਸ਼ਯਪ ਨੇ ਆਪਣੇ ਘਰ ’ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਸੁਮਿਤ ਦੇ ਪਰਿਵਾਰ ਵਾਲੇ ਉਸ ਨੂੰ ਸੱਦਣ ਗਏ। ਅੰਦਰ ਲਾਸ਼ ਲਟਕਦੀ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਾਂਚ ਅਧਿਕਾਰੀ ਏਐੱਸਆਈ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਸੁਮਿਤ ਕਸ਼ਯਪ ਫੈਕਟਰੀ ’ਚ ਠੇਕੇਦਾਰ ਦਾ ਕੰਮ ਕਰਦਾ ਸੀ। ਉਹ ਲੁਧਿਆਣਾ ’ਚ ਆਪਣੇ ਮਾਮੇ ਦੇ ਪਰਿਵਾਰ ਨਾਲ ਰਹਿੰਦਾ ਸੀ। ਉਧਰ ਸੁਮਿਤ ਕਸ਼ਯਪ ਦਾ ਛੋਟਾ ਪੁੱਤਰ ਕੇਸ਼ਵ ਕਸ਼ਯਪ ਦਿੱਲੀ ਤੋਂ ਸੁਮਿਤ ਕੋਲ ਰਹਿਣ ਲਈ ਆਇਆ ਹੋਇਆ ਸੀ। ਏਐੱਸਆਈ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਪਰਿਵਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਿਛਲੇਂ ਕੁਝ ਸਮੇਂ ਤੋਂ ਪਬਜ਼ੀ ਗੇਮ ਖੇਡਦਾ ਸੀ। ਪਰਿਵਾਰ ਵਾਲਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪਿਛਲੇਂ ਕੁਝ ਦਿਨਾਂ ਤੋਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਨੇ ਘਰ ’ਤੇ ਹੀ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ। ਪੁਲੀਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਥਾਣਾ ਦਰੇਸੀ ਦੇ ਐੱਸਐੱਚਓ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਕ੍ਰਿਪਾਲ ਨਗਰ ਵਾਸੀ ਜਤਿੰਦਰ ਸਿੰਘ ਨੇ ਆਪਣੇ ਘਰ ’ਚ ਫਾਹਾ ਲੈ ਲਿਆ। ਜਤਿੰਦਰ ਦੇ ਪਰਿਵਾਰ ਵਾਲੇ ਕਿਸੇ ਕੰਮ ਤੋਂ ਬਾਹਰ ਗਏ ਹੋਏ ਸਨ। ਜਤਿੰਦਰ ਪਿਛਲੇਂ ਕੁਝ ਦਿਨਾਂ ਤੋਂ ਲਗਾਤਾਰ ਪਬਜ਼ੀ ਗੇਮ ਖੇਡ ਰਿਹਾ ਸੀ। ਪਰਿਵਾਰ ਵਾਲਿਆਂ ਨੇ ਉਸ ਨੂੰ ਕਈ ਵਾਰ ਰੋਕਿਆ। ਕੁਝ ਸਮੇਂ ਤੋਂ ਉਹ ਦਿਮਾਗੀ ਤੌਰ ’ਤੇ ਵੀ ਪ੍ਰੇਸ਼ਾਨ ਸੀ। ਉਸ ਨੇ ਵੀ ਫਾਹਾ ਲੈ ਲਿਆ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਜਾਂਚ ਦੌਰਾਨ ਜਤਿੰਦਰ ਦੇ ਕਬਜ਼ੇ ’ਚੋ ਇੱਕ ਸੁਸਾਇਡ ਨੋਟ ਮਿਲਿਆ ਹੈ। ਜਿਸ ’ਚ ਉਸ ਨੇ ਆਪਣੀ ਮੌਤ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲੀਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।