ਗੁਰਿੰਦਰ ਸਿੰਘ
ਲੁਧਿਆਣਾ, 21 ਜੂਨ
ਕਿਸਾਨ ਜਥੇਬੰਦੀਆਂ ਤੇ ਹੋਰ ਸੰਗਠਨਾਂ ਨੇ ਅੱਜ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ 30 ਜੂਨ ਤੱਕ ਲਾਡੋਵਾਲ ਟੌਲ ਪਲਾਜ਼ਾ ’ਤੇ ਟੌਲ ਦਰਾਂ ਵਿੱਚ ਕੀਤਾ ਵਾਧਾ ਵਾਪਸ ਨਾ ਲਿਆ ਤਾਂ ਉਹ ਪੱਕਾ ਮੋਰਚਾ ਲਗਾ ਕੇ ਟੌਲ ਬੂਥਾਂ ਦੀ ਤਾਲਾਬੰਦੀ ਕਰਨਗੇ। ਅੱਜ ਧਰਨੇ ਦੇ ਛੇਵੇਂ ਦਿਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਧਰਨਾ ਖ਼ਤਮ ਕਰਾਉਣ ਲਈ ਦਬਾਅ ਬਣਾਇਆ ਜਾ ਰਿਹਾ ਪਰ ਲੋਕ ਹਿੱਤਾਂ ਲਈ ਲਗਾਇਆ ਧਰਨਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅੜੀਅਲ ਵਤੀਰੇ ਨੂੰ ਵੇਖਦਿਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ 30 ਜੂਨ ਤੋਂ ਬਾਅਦ ਪੱਕਾ ਮੋਰਚਾ ਲਗਾ ਕੇ ਟੌਲ ਬੂਥਾਂ ਦੀ ਤਾਲਾਬੰਦੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਸੁਰਿੰਦਰ ਸਿੰਘ ਪਵਾਰ, ਮਨਜੀਤ ਸਿੰਘ ਅਰੋੜਾ ਅਤੇ ਸੁਖਦੇਵ ਸਿੰਘ ਮੰਗਲੀ ਨੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦੀ ਥਾਂ ਕਿਸਾਨਾਂ ਅਤੇ ਹੋਰਾਂ ਲੋਕਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣ। ਉਨਾਂ ਕਿਹਾ ਕਿ ਕਹਿਰ ਭਰੀ ਗਰਮੀ ਵਿੱਚ ਧਰਨੇ ’ਤੇ ਬੈਠਣਾ ਲੋਕ ਹਿੱਤਾਂ ਲਈ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਨਵੇਂ ਬਣੇ ਸੰਸਦ ਮੈਂਬਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ’ਤੇ ਹੋ ਰਹੀ ਲੁੱਟ ਖਸੁੱਟ ਸਬੰਧੀ ਆਪਣੀ ਬੁਲੰਦ ਕਰਨ ਤਾਂ ਜੋ ਕੇਂਦਰ ਸਰਕਾਰ ਨੂੰ ਮੰਗ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਹਲਕਾ ਉੱਤਰੀ, ਭੁਪਿੰਦਰ ਸਿੰਘ ਸੀੜਾ ਅਤੇ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਤੀਰਥ ਸਿੰਘ ਨਾਮਧਾਰੀ ਹਾਜ਼ਰ ਸਨ।