ਗੁਰਿੰਦਰ ਸਿੰਘ
ਲੁਧਿਆਣਾ, 16 ਜੁਲਾਈ
ਇੱਥੇ ਪੱਖੋਵਾਲ ਰੋਡ ਅਤੇ ਦੁੱਗਰੀ ਇਲਾਕੇ ਵਿੱਚ ਬੀਤੀ ਰਾਤ ਤਿੰਨ ਦਰਜਨ ਤੋਂ ਵੱਧ ਕਲੋਨੀਆਂ ਦੀ ਬਿਜਲੀ ਸੱਤ ਘੰਟੇ ਤੋਂ ਵੱਧ ਸਮਾਂ ਬੰਦ ਰਹਿਣ ਨਾਲ ਭਾਰੀ ਗਰਮੀ ਅਤੇ ਹੁੰਮਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੀਤੀ ਰਾਤ 9 ਵਜੇ ਦੇ ਕਰੀਬ ਮੋਤੀ ਬਾਗ ਪਿੰਡ ਫੁੱਲਾਂਵਾਲ, ਪਾਸੀ ਨਗਰ, ਗੁਰੂ ਅੰਗਦ ਦੇਵ ਨਗਰ, ਗਰੀਨ ਐਵਨਿਊ, ਹਾਊਸਫੈਡ ਕੰਪਲੈਕਸ, ਵਿਕਰਮਾਦਿੱਤਿਆ ਸਿਟੀ, ਭਾਰਤ ਗੈਸ ਸਾਈਡ ਅਤੇ ਮੋਨਿਕਾ ਗੈਸ ਗੋਦਾਮ ਦੀ ਬਿਜਲੀ ਬੰਦ ਹੋ ਗਈ। ਇਸ ਤੋਂ ਬਾਅਦ ਪਾਵਰਕੋਮ ਦੀ ਐਪ ’ਤੇ ਪਹਿਲਾਂ 10 ਵਜੇ, ਫਿਰ 11 ਵਜੇ, ਫਿਰ 12 ਵਜੇ, ਫਿਰ ਦੋ ਵਜੇ, ਫਿਰ 3 ਵਜੇ ਬਿਜਲੀ ਆਉਣ ਦੀ ਸੂਚਨਾ ਦਿੱਤੀ ਗਈ, ਪਰ ਬਿਜਲੀ 3.30 ਵਜੇ ਦੇ ਕਰੀਬ ਆਈ। ਰਾਤ 11 ਵਜੇ ਦੇ ਕਰੀਬ ਅਰਬਨ ਅਸਟੇਟ ਫੇਜ਼ 2, ਸੁਖਮਨੀ ਸਾਹਿਬ ਗੁਰਦੁਆਰਾ ਸਾਈਡ, ਗਰੀਨਲੈਂਡ ਸਕੂਲ ਫੇਜ਼ 2 ਅਤੇ ਬਾਲ ਭਾਰਤੀ ਸਕੂਲ ਦੇ ਇਲਾਕੇ ਦੀ ਬਿਜਲੀ ਬੰਦ ਹੋ ਗਈ ਜੋ ਤੜਕੇ 2.30 ਵਜੇ ਦੇ ਕਰੀਬ ਬਹਾਲ ਹੋਈ। ਕਿਰਨ ਵਿਹਾਰ, ਆਲ ਗੁਰੂ ਅਮਰਦਾਸ ਨਗਰ, ਰਾਂਚੀ ਕਲੋਨੀ, ਪ੍ਰੇਮ ਨਗਰ, ਸੈਂਟਰਲ ਕਲੋਨੀ, ਥਰੀਕੇ ਕਲੋਨੀ, ਘੁੰਮਣ ਅਸਟੇਟ ਗਰੇਵਾਲ ਨਗਰ, ਸਿਟੀ ਸੈਂਟਰ ਅਤੇ ਲੀਫਾਰਮ ਦੀ ਬਿਜਲੀ ਦੀ ਬੰਦ ਹੋਈ ਜੋ 3 ਵਜੇ ਕਰੀਬ ਆਈ। ਪਾਵਰਕੌਮ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਦਾ ਲੋਡ ਵਧ ਜਾਣ ਕਾਰਨ ਕਈ ਵਾਰ ਕੁੱਝ ਇਲਾਕਿਆਂ ਦੀਆਂ ਬਿਜਲੀ ਤਾਰਾਂ ਸੜ ਜਾਂਦੀਆਂ ਹਨ ਜਿਨ੍ਹਾਂ ਨੂੰ ਠੀਕ ਕਰਨ ਲਈ ਮੇਨ ਸਪਲਾਈ ਬੰਦ ਕੀਤੀ ਜਾਂਦੀ ਹੈ। ਜਦੋਂ ਮਿੱਥੇ ਸਮੇਂ ’ਤੇ ਤਾਰਾਂ ਠੀਕ ਨਹੀਂ ਹੁੰਦੀਆਂ ਤਾਂ ਵਾਰ-ਵਾਰ ਸਪਲਾਈ ਬਹਾਲ ਹੋਣ ਦਾ ਸਮਾਂ ਵਧਾਇਆ ਜਾਂਦਾ ਹੈ।