ਸਤਵਿੰਦਰ ਬਸਰਾ
ਲੁਧਿਆਣਾ, 27 ਅਕਤੂਬਰ
ਬੇਰੁਜ਼ਗਾਰ ਡੀਪੀਈ 873 ਅਧਿਆਪਕ ਯੂਨੀਅਨ ਪੰਜਾਬ, ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ, ਪੀਟੀਆਈ 646 ਬੇਰੁਜ਼ਗਾਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਓਵਰਏਜ ਬੇਰੁਜ਼ਗਾਰ ਯੂਨੀਅਨ ਅਤੇ ਬੀਐਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਸਾਂਝੀ ਜੱਥੇਬੰਦੀ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਨੁਮਾਇੰਦਿਆਂ ਦੇ ਦੋਸ਼ ਲਾਇਆ ਕਿ ਅੱਜ ਸਥਾਨਕ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਾਰਾ ਲਗਾ ਕੇ ਉਨ੍ਹਾਂ ਨੂੰ ਬੰਦੀ ਬਣਾਈ ਰੱਖਿਆ ਅਤੇ ਘੰਟਿਆਂਬੱਧੀ ਖੱਜਲ-ਖੁਆਰ ਕੀਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਪਹਿਲਾਂ ਅਤੇ ਹੁਣ ਵਾਲੀ ਸਰਕਾਰ ਵਿੱਚ ਸਿਰਫ ਚਿਹਰੇ ਹੀ ਬਦਲੇ ਹਨ ਪਰ ਨੀਤੀਆਂ ਬਿਲਕੁਲ ਪਿਛਲੀ ਸਰਕਾਰ ਵਾਲੀਆਂ ਹੀ ਹਨ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਅਧਿਆਪਕ ਆਗੂਆਂ ਅਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਭਨੋਹੜ ਪਿੰਡ ਦੇ ਸਰਕਾਰੀ ਸਕੂਲ ਵਿੱਚ ਘੰਟਿਆਂਬੱਧੀ ਬੰਦੀ ਬਣਾਈ ਰੱਖਿਆ। ਜਦੋਂ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਕਰਵਾਈ ਤਾਂ ਰੋਸ ਪ੍ਰਗਟਾਉਣ ’ਤੇ ਐੱਸਪੀ ਲੁਧਿਆਣਾ ਨੇ ਮੰਗ ਪੱਤਰ ਹਾਸਲ ਕਰ ਕੇ ਜਲਦੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਮੋਰਚੇ ਦੇ ਆਗੂਆਂ ਗੁਰਪ੍ਰੀਤ ਸਿੰਘ ਸਰਾਂ, ਹਰਬੰਸ ਸਿੰਘ ਦਾਨਗੜ੍ਹ ਤੇ ਸਤਨਾਮ ਸਿੰਘ ਬਲੂਆਣਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੈਪਟਨ ਅਮਰਿੰਦਰ ਵਾਲੀ ਸੋਚ ਤਹਿਤ ਰੁਜ਼ਗਾਰ ਦੇ ਮੁੱਦੇ ਤੋਂ ਭੱਜ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਨਹੀਂ ਕਰਵਾਇਆ ਗਿਆ ਤਾਂ ਅੱਗੇ ਤੋਂ ਉਹ ਗੁਪਤ ਐਕਸ਼ਨ ਕਰ ਕੇ ਮੁੱਖ ਮੰਤਰੀ ਦਾ ਘਿਰਾਓ ਕਰਨਗੇ, ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਸ ਮੌਕੇ ਹਰਦੀਪ ਸਿੰਘ, ਮਾਲਵਿੰਦਰ ਸਿੰਘ, ਹਰਜਿੰਦਰ ਸਿੰਘ, ਨਿੱਕਾ ਸਿੰਘ, ਸੁਖਦੇਵ ਸਿੰਘ, ਸੁਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਹਰਪ੍ਰੀਤ ਕੌਰ, ਸੰਦੀਪ ਨਾਭਾ, ਅਜੀਤਪਾਲ ਲੁਧਿਆਣਾ ਤੇ ਗਗਨਦੀਪ ਮੁੱਲਾਂਪੁਰ ਆਦਿ ਆਗੂ ਤੇ ਵਰਕਰ ਵੀ ਹਾਜ਼ਰ ਸਨ।