ਮਹੇਸ਼ ਸ਼ਰਮਾ/ਹੁਸ਼ਿਆਰ ਰਾਣੂੰ
ਮੰਡੀ ਅਹਿਮਦਗੜ੍ਹ-/ਮਾਲੇਰਕੋਟਲਾ, 2 ਮਾਰਚ
ਲੰਮੇ ਸਮੇਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਜ਼ਰੂਰਤਮੰਦਾਂ ਨੂੰ ਖੂਨ ਦਾਨ ਕਰਦੇ ਆ ਰਹੇ ਮੁਸਲਿਮ ਵਾਲੰਟੀਅਰਾਂ ਵੱਲੋਂ ਇੱਕ ਬੇਸਹਾਰਾ ਸਿੱਖ ਦਾਂ ਪਹਿਲਾਂ ਇਲਾਜ ਅਤੇ ਮੌਤ ਤੋਂ ਬਾਅਦ ਸਿੱਖ ਮਰਿਆਦਾ ਅਨੁਸਾਰ ਅੰਤਿਮ ਰਸਮਾਂ ਕੀਤੇ ਜਾਣ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਸ਼ਾਹੀ ਇਮਾਮ ਪੰਜਾਬ ਮੌਲਾਣਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀ ਮੁਸਲਿਮ ਬਲੱਡ ਬੈਂਕ ਦੇ ਇਨ੍ਹਾਂ ਵਾਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਇਸ ਨਾਲ ਇਸਲਾਮ ਧਰਮ ਦਾ ਰੁਤਬਾ ਦੁਨੀਆਂ ਦੇ ਨਕਸ਼ੇ ’ਤੇ ਹੋਰ ਵੀ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸਲਾਮ ਸਿਰਫ਼ ਮਾਨਵਤਾ ਦਾ ਪਾਠ ਪੜ੍ਹਾਉਂਦਾ ਹੈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਕਿਸੇ ਕਿਸਮ ਦੀ ਦਰੈਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਲਾਕੇ ਦੇ ਪ੍ਰਮੁੱਖ ਸਮਾਜ ਸੇਵਕ ਕਾਸਿਫ਼ ਫਾਰੂਕੀ ਨੇ ਦੱਸਿਆ ਕਿ ਲੁਧਿਆਣਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਅਧੀਨ ਪੈਂਦੇ ਇਲਾਕਿਆਂ ਦੇ ਕਰੀਬ 250 ਮੁਸਲਿਮ ਨੌਜਵਾਨਾਂ ਨੇ ਮੁਹੰਮਦ ਅਖ਼ਤਰ ਦੀ ਅਗਵਾਈ ਵਿੱਚ ਮੁਸਲਿਮ ਬਲੱਡ ਬੈਂਕ ਦਾ ਗਠਨ ਕੀਤਾ ਹੋਇਆ ਜੋ ਕਿ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੌਕੇ ’ਤੇ ਜਾ ਕੇ ਖੂਨ ਮੁਹੱਈਆ ਕਰਵਾਉਂਦੇ ਹਨ। ਹਾਲ ਹੀ ਵਿੱਚ ਇਨ੍ਹਾਂ ਵਾਲੰਟੀਅਰਾਂ ਦੇ ਸੰਪਰਕ ਵਿੱਚ ਬੇਸਹਾਰਾ ਵਿਅਕਤੀ ਸੱਤ ਪਾਲ ਸਿੰਘ ਆਇਆ ਜੋ ਕਿ ਇਸ ਇਲਾਕੇ ਵਿੱਚ ਮਜ਼ਦੂਰੀ ਕਰਦਾ ਸੀ ਅਤੇ ਗੰਭੀਰ ਬਿਮਾਰ ਹੋ ਗਿਆ। ਸੱਤ ਪਾਲ ਸਿੰਘ ਹਰਿਆਣਾ ਸੂਬੇ ਤੋਂ ਆ ਕੇ ਇਸ ਇਲਾਕੇ ਵਿੱਚ ਠਹਰਿਆ ਹੋਇਆ ਸੀ ਉਸ ਦੀ ਸੰਭਾਲ ਕਰਨ ਵਾਲਾ ਕੋਈ ਵਿਅਕਤੀ ਨਾ ਹੋਣ ਕਰਕੇ ਇਨ੍ਹਾਂ ਵਲੰਟੀਅਰਾਂ ਨੇ ਜ਼ਿਲ੍ਹਾ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਉਸ ਦਾ ਇਲਾਜ ਤਾਂ ਕਰਵਾਇਆ। ਮਰਨ ਉਪਰੰਤ ਉਸ ਦਾ ਸਿੱਖ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ। ਜਦੋਂ ਇਹ ਨੌਜਵਾਨ ਘੜੇ ਵਿੱਚ ਪਾਕੇ ਸਤਿਕਾਰ ਨਾਲ ਉਸਦੀ ਅਸਥੀਆਂ ਕੀਰਤਪੁਰ ਸਾਹਿਬ ਪਾਉਣ ਗਏ ਤਾਂ ਸ਼ਰਧਾਲੂਆਂ ਤੋਂ ਇਲਾਵਾ ਅਰਦਾਸ ਕਰਵਾਉਣ ਵਾਲੇ ਪਾਠੀ ਵੀ ਇਸ ਗੱਲ ਤੋਂ ਬਹੁਤ ਪ੍ਰਭਾਵਤ ਹੋਏ ਕਿ ਪਹਿਲੀ ਵਾਰ ਕੋਈ ਮੁਸਲਿਮ ਜੱਥਾ ਉੱਥੇ ਕਿਸੇ ਸਿੱਖ ਦੀਆਂ ਅਸਥੀਆਂ ਪਾਉਣ ਆਇਆ ਸੀ।