ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਆਪੋ ਆਪਣੇ ਕੈਂਪਾਂ ਵਿੱਚ ਵਿਸ਼ਵ ਓਜ਼ੋਨ ਦਿਵਸ ਮਨਾਇਆ। ਵੈਟਰਨਰੀ ’ਵਰਸਿਟੀ ਦੇ ਵਨ ਹੈਲਥ ਕੇਂਦਰ ਵਲੋਂ ਸੰਸਥਾ ਵਿਕਾਸ ਯੋਜਨਾ ਰਾਸ਼ਟਰੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰਾਜੈਕਟ ਤਹਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਖੇਤੀਬਾੜੀ ਮੌਸਮ ਵਿਗਿਆਨੀ ਡਾ. ਲਖਵੀਰ ਕੌਰ ਧਾਲੀਵਾਲ ਨੇ ਵਿਸ਼ੇਸ਼ ਲੈਕਚਰ ਦਿੱਤਾ ਜਦਕਿ ਡਾ. ਰਣਧੀਰ ਸਿੰਘ ਨੇ ਡਾ. ਧਾਲੀਵਾਲ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ। ਡਾ. ਧਾਲੀਵਾਲ ਨੇ ‘ਓਜ਼ੋਨ ਪਰਤ ਦੇ ਕਮਜ਼ੋਰ ਹੋਣ ਅਤੇ ਸੁਰੱਖਿਆ’ ਦੇ ਵਿਸ਼ੇ ’ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਈ ਮਨੁੱਖੀ ਗਤੀਵਿਧੀਆਂ ਓਜ਼ੋਨ ਪਰਤ ਦੇ ਨਿਘਾਰ ਲਈ ਜ਼ਿੰਮੇਵਾਰ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਨ ’ਤੇ ਮਾੜਾ ਪ੍ਰਭਾਵ ਪਾਉਣ ਤੋਂ ਇਲਾਵਾ, ਪਰਾ-ਬੈਂਗਨੀ ਕਿਰਨਾਂ ਸਮੁੰਦਰੀ ਜੀਵਾਂ ਲਈ ਵੀ ਹਾਨੀਕਾਰਕ ਹਨ। ਪੀਏਯੂ ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਆਈਸੀਏਆਰ ਕਾਸਟ ਪ੍ਰਾਜੈਕਟ ਤਹਿਤ ਵਿਸ਼ਵ ਓਜ਼ੋਨ ਦਿਵਸ ਮਨਾਇਆ। ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿੱਗ ਸ਼ਾਮਿਲ ਹੋਏ। ਉਨ੍ਹਾਂ ਨੇ ਪੀਏਯੂ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਵਿੱਚ ਨਿੰਮ ਦਾ ਇੱਕ ਬੂਟਾ ਆਪਣੇ ਕਰ-ਕਮਲਾਂ ਨਾਲ ਲਾਇਆ।
ਕੈਪਸ਼ਨ: ਵਿਸ਼ਵ ਓਜ਼ੋਨ ਦਿਵਸ ਮੌਕੇ ਬੂਟੇ ਲਗਾਉਂਦੇ ਹੋਏ ਪੀਏਯੂ ਅਤੇ ਸਕੂਲ ਦੇ ਅਧਿਕਾਰੀ। -ਫੋਟੋ: ਬਸਰਾ