ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਅਗਸਤ
ਇੱਥੇ ਪ੍ਰਾਚੀਨ ਡੇਰਾ ਮੰਗਲਗਿਰੀ ਨੇੜਲੇ ਪੰਜਾਹ ਘਰਾਂ ਨੂੰ ਤਿੰਨ ਦਿਨਾਂ ਵਿੱਚ ਥਾਂ ਖਾਲੀ ਕਰਨ ਦੇ ਨੋਟਿਸ ਜਾਰੀ ਹੋਏ ਹਨ। ਅਚਨਚੇਤ ਨੋਟਿਸ ਜਾਰੀ ਹੋਣ ਨਾਲ ਗ਼ਰੀਬ ਤਬਕੇ ਨਾਲ ਸਬੰਧਤ ਇਨ੍ਹਾਂ ਪਰਿਵਾਰਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤੇ ਹਫੜਾ-ਦਫੜੀ ਮਚ ਗਈ ਹੈ। ਇਹ ਸਾਰੇ ਪਰਿਵਾਰ ਡੇਰੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਨ੍ਹਾਂ ਵਿੱਚ ਰੋਹ ਪੈਦਾ ਹੋ ਗਿਆ ਹੈ। ਇਸ ਇਕੱਠ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਪਹੁੰਚੇ। ਡੇਰੇ ਵਿੱਚ ਇਕੱਤਰ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਨੇ ਸ਼ੁੱਕਰਵਾਰ ਨੂੰ ਕਰੀਬ 50 ਘਰਾਂ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ਵਿੱਚ ਇਹ ‘ਨਾਜਾਇਜ਼ ਕਬਜ਼ੇ’ ਛੱਡਣ ਲਈ ਕਿਹਾ ਹੈ। ਨੋਟਿਸ ਵਿੱਚ ਥਾਂ ਖਾਲੀ ਨਾ ਕਰਨ ’ਤੇ ਕਾਰਵਾਈ ਕੀਤੇ ਜਾਣ ਦੀ ਵੀ ਗੱਲ ਕਹੀ ਗਈ ਹੈ। ਇਨ੍ਹਾਂ ਲੋਕਾਂ ਨੇ ਡੇਰਾ ਮੁਖੀ ਮਹੰਤ ਦੌਲਤ ਗਿਰੀ ਨਾਲ ਵੀ ਇਨ੍ਹਾਂ ਨੋਟਿਸਾਂ ਦੀ ਜਾਣਕਾਰੀ ਸਾਂਝੀ ਕੀਤੀ।
ਇਕੱਠ ਵਿੱਚ ਪਹੁੰਚੇ ਵਿਧਾਇਕਾ ਮਾਣੂੰਕੇ ਨੇ ਭਰੋਸਾ ਦਿੱਤਾ ਕਿ ਭਾਵੇਂ ਨੋਟਿਸ ਜਾਰੀ ਹੋ ਗਏ ਹਨ ਪਰ ਉਹ ਕਿਸੇ ਨਾਲ ਧੱਕਾ ਨਹੀਂ ਹੋਣ ਦੇਣਗੇ। ਵੇਰਵਿਆਂ ਮੁਤਾਬਕ ਪ੍ਰਾਚੀਨ ਭੱਦਰਕਾਲੀ ਮੰਦਰ ਦੇ ਪਿਛਲੇ ਪਾਸੇ ਨਗਰ ਕੌਂਸਲ ਦੀ ਕਾਫ਼ੀ ਜ਼ਮੀਨ ਹੈ ਜਿੱਥੇ ਦਰਜਨਾਂ ਘਰ ਬਣੇ ਹੋਏ ਹਨ। ਅੱਜ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਵੀ ਨਗਰ ਕੌਂਸਲ ਨੇ ਕਈ ਵਾਰ ਇਹ ਥਾਂ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਕਾਰਵਾਈ ਲਈ ਆਏ ਅਧਿਕਾਰੀਆਂ ਨੂੰ ਹਰ ਵਾਰ ਬੇਰੰਗ ਪਰਤਣਾ ਪਿਆ। ਵੋਟ ਬੈਂਕ ਕਰ ਕੇ ਵੀ ਵੱਖ-ਵੱਖ ਰਾਜਸੀ ਧਿਰਾਂ ਦੇ ਆਗੂ ਕਾਰਵਾਈ ਰੋਕਦੇ ਰਹੇ ਹਨ। ਨਤੀਜਾ ਇਹ ਹੋਇਆ ਕਿ ਹੌਲੀ-ਹੌਲੀ ਛੱਪੜ ਦੇ ਵੱਡੇ ਹਿੱਸੇ ’ਤੇ ਕਬਜ਼ਾ ਹੋ ਗਿਆ। ਇਕੱਠੇ ਹੋਏ ਇਨ੍ਹਾਂ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਜਨਤਕ ਜਥੇਬੰਦੀਆਂ ਤੋਂ ਵੀ ਸਹਿਯੋਗ ਮੰਗਿਆ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਤੇ ਪ੍ਰਸ਼ਾਸਨ ਗ਼ਰੀਬ ਲੋਕਾਂ ’ਤੇ ਹੀ ਕਾਰਵਾਈ ਕਰਦਾ ਹੈ ਜਦੋਂਕਿ ਸ਼ਹਿਰ ਵਿੱਚ ਰਸੂਖਦਾਰਾਂ ਦੇ ਨਾਜਾਇਜ਼ ਕਬਜ਼ੇ ਦਿਖਾਈ ਨਹੀਂ ਦਿੰਦੇ।
ਛੱਪੜ ਵਾਲੀ ਥਾਂ ’ਤੇ ਬਣੇ ਸਕੂਲ ਅਤੇ ਮਾਰਕੀਟ
ਇੱਕ ਸਮਾਂ ਸੀ ਜਦੋਂ ਸ਼ਹਿਰ ਵਿੱਚ ਸੱਤ ਵੱਡੇ ਛੱਪੜ ਸਨ। ਇਹ ਬਰਸਾਤੀ ਪਾਣੀ ਸ਼ਹਿਰ ’ਚ ਭਰਨ ਤੋਂ ਵੀ ਬਚਾਅ ਕਰਦੇ ਸਨ ਪਰ ਹੌਲੀ-ਹੌਲੀ ਲੋਕਾਂ ਨੇ ਇਨ੍ਹਾਂ ’ਤੇ ਕਬਜ਼ੇ ਕਰ ਲਏ। ਇਕ ਛੱਪੜ ਨੂੰ ਪੂਰ ਕੇ ਸਕੂਲ ਦੀ ਵੱਡੀ ਇਮਾਰਤ ਹੋਂਦ ਵਿੱਚ ਆ ਗਈ ਜਦੋਂਕਿ ਇਕ ਹੋਰ ਛੱਪੜ ’ਤੇ ਮਾਲ ਅਤੇ ਦੁਕਾਨਾਂ ਉਸਾਰ ਲਈਆਂ ਗਈਆਂ ਹਨ।