ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਗਸਤ
ਸਨਅਤੀ ਸ਼ਹਿਰ ਵਿੱਚ ਸਿਵਲ ਹਸਪਤਾਲ ’ਚ ਅੱਜ ਇੱਕ ਬਿਰਧ ਮਹਿਲਾ ਮਰੀਜ਼ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀ ਇੱਕ ਨਰਸ ’ਤੇ ਅਣਗਹਿਲੀ ਵਰਤਣ ਦੇ ਦੋਸ਼ ਲਾਏ। ਪਰਿਵਾਰ ਦੇ ਮੈਂਬਰਾਂ ਨੇ ਸਟਾਫ਼ ਨਰਸ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਉਸ ਨੂੰ ਚੈੱਕਅੱਪ ਲਈ ਬੁਲਾਇਆ ਗਿਆ ਤਾਂ ਉਹ ਆਉਣ ਦੀ ਬਜਾਇ ਫੋਨ ਚਲਾਉਣ ਵਿੱਚ ਲੱਗੀ ਰਹੀ। ਬਿਰਧ ਮਹਿਲਾ ਦੀ ਮੌਤ ਤੋਂ ਬਾਅਦ ਵੀਰਵਾਰ ਸਵੇਰੇ ਹੰਗਾਮਾ ਹੋਣ ਦੀ ਸੂਚਨਾ ਮਿਲਦਿਆਂ ਹੀ ਸਿਵਲ ਹਸਪਤਾਲ ਦੇ ਨਵ-ਨਿਯੁਕਤ ਐੱਸਐੱਮਓ ਡਾ. ਹਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਏਗਾ, ਜੇਕਰ ਸਟਾਫ਼ ਨਰਸ ਦੀ ਗਲਤੀ ਮਿਲੀ ਤਾਂ ਉਸ ਖ਼ਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੀ ਮਾਸੀ ਸੁਰਿੰਦਰ ਕੌਰ ਦੋ ਦਿਨ ਪਹਿਲਾਂ ਹਸਪਤਾਲ ’ਚ ਦਾਖਲ ਹੋਈ ਸੀ। ਸੁਰਿੰਦਰ ਕੌਰ ਦੇ ਗੁਰਦੇ ਅਤੇ ਜਿਗਰ ਵਿੱਚ ਇਨਫੈਕਸ਼ਨ ਸੀ। ਉਹ ਬੁੱਧਵਾਰ ਰਾਤ ਨੂੰ ਹਸਪਤਾਲ ਵਿੱਚ ਮੌਜੂਦ ਸੀ ਅਤੇ ਇੱਕ ਸਟਾਫ਼ ਨਰਸ ਉੱਥੇ ਡਿਊਟੀ ’ਤੇ ਸੀ ਜੋ ਆਪਣੇ ਮੋਬਾਈਲ ਚਲਾਉਣ ਵਿੱਚ ਰੁੱਝੀ ਹੋਈ ਸੀ। ਪਰਮਜੀਤ ਕੌਰ ਨੇ ਦੋਸ਼ ਲਾਇਆ ਕਿ ਜਦੋਂ ਦੇਰ ਰਾਤ ਉਸ ਦੀ ਮਾਸੀ ਦੀ ਤਬੀਅਤ ਵਿਗੜ ਗਈ ਤਾਂ ਉਸ ਨੇ ਸਟਾਫ਼ ਨਰਸ ਨੂੰ ਬੁਲਾਇਆ ਪਰ ਉਹ ਨਹੀਂ ਆਈ। ਉਸ ਨੂੰ ਦੋ-ਤਿੰਨ ਵਾਰ ਫੋਨ ਕੀਤਾ ਗਿਆ, ਪਰ ਉਹ ਚੈਕਅੱਪ ਲਈ ਆਉਣ ਦੀ ਬਜਾਇ ਆਪਣਾ ਮੋਬਾਈਲ ਦੇਖਦੀ ਰਹੀ ਜਿਸ ਕਾਰਨ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਮਰੀਜ਼ ਦੀ ਮੌਤ ਤੋਂ ਬਾਅਦ ਵੀ ਕਿਸੇ ਨੇ ਉਸ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਨਰਸ ਨੂੰ ਮਰੀਜ਼ ਦੀ ਜਾਂਚ ਕਰਨ ਲਈ ਕਿਹਾ ਤਾਂ ਉਸ ਨੇ ਉਸ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਮ੍ਰਿਤਕਾ ਸੁਰਿੰਦਰ ਕੌਰ ਦੇ ਲੜਕੇ ਚਰਨਜੀਤ ਨੇ ਦੋਸ਼ ਲਾਇਆ ਕਿ ਉਸ ਨੇ ਨਰਸ ਨੂੰ ਵਾਰ-ਵਾਰ ਬੁਲਾਇਆ ਗਿਆ, ਪਰ ਉਹ ਹੱਥਾਂ ਨਾਲ ਪੰਜ ਮਿੰਟ ’ਚ ਆਉਣ ਦਾ ਇਸ਼ਾਰਾ ਕਰਦੀ ਰਹੀ ਤੇ ਸਹੀ ਇਲਾਜ ਨਾ ਹੋਣ ਕਾਰਨ ਵੀਰਵਾਰ ਸਵੇਰੇ ਉਸ ਦੀ ਮਾਂ ਦੀ ਮੌਤ ਹੋ ਗਈ।
ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਖ਼ੁਦ ਪਰਿਵਾਰ ਨੂੰ ਮਿਲੇ ਹਨ ਅਤੇ ਸਾਰੀ ਫਾਈਲ ਵੀ ਦੇਖੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ ਅਤੇ ਜੇਕਰ ਨਰਸ ਦੀ ਕੋਈ ਗਲਤੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।