ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਸਤੰਬਰ
ਇਥੇ ਅੱਜ ਨਗਰ ਕੌਂਸਲ ਦਫਤਰ ’ਚ ਕਮਰਾ ਖਾਲੀ ਕਰਵਾਉਣ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਜਾਣਕਾਰੀ ਮੁਤਾਬਕ ਜਦੋਂ ਈਓ ਗੁਰਪਾਲ ਸਿੰਘ ਨੇ ਸੈਨੀਟੇਸ਼ਨ ਬ੍ਰਾਂਚ ਦਾ ਕਮਰਾ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਤਾਂ ਇਸ ਖ਼ਿਲਾਫ਼ ਹੋਰ ਕੌਂਸਲਰਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਪ੍ਰਧਾਨ ਕਮਲਜੀਤ ਸਿੰਘ ਲੱਧੜ ਨੂੰ ਵੀ ਬਾਕੀ ਕੌਂਸਲਰਾਂ ਦੇ ਕਹਿਣ ’ਤੇ ਕਮਰਾ ਖਾਲੀ ਕਰਨ ਖ਼ਿਲਾਫ ਧਰਨੇ ’ਤੇ ਬੈਠੇ ਤੇ ਈਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀਐੱਸਪੀ ਵਿਲੀਅਮ ਜੈਜੀ ਤੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਈਓ ਦੇ ਕਹਿਣ ’ਤੇ ਮੁਲਾਜ਼ਮਾਂ ਵੱਲੋਂ ਕਮਰੇ ਵਿਚੋਂ ਸੈਨੀਟੇਸ਼ਨ ਬ੍ਰਾਂਚ ਦਾ ਸਾਮਾਨ ਬਾਹਰ ਕੱਢ ਦਿੱਤਾ ਗਿਆ ਸੀ, ਜਿਹੜਾ ਮੁੜ ਤੋਂ ਬਾਕੀ ਕੌਂਸਲਰਾਂ ਨੇ ਅੰਦਰ ਰੱਖਵਾ ਦਿੱਤਾ, ਜਿਸ ਤੋਂ ਸਾਰਾ ਦਿਨ ਦਫ਼ਤਰ ਵਿੱਚ ਕਲੇਸ਼ ਚੱਲਦਾ ਰਿਹਾ। ਡੀਐੱਸਪੀ ਜੈਜੀ ਨੂੰ ਪ੍ਰਧਾਨ ਲੱਧੜ ਤੇ ਹੋਰ ਕੌਂਸਲਰਾਂ ਨੇ ਦੱਸਿਆ ਕਿ ਇਹ ਸਿਰਫ ਮੁਲਾਜ਼ਮਾਂ ਤੇ ਰੋਅਬ ਜਮਾਉਣ ਲਈ ‘ਆਪ’ ਦੇ ਨਵੇਂ ਬਣੇ ਕੌਸਲਰਾਂ ਨੂੰ ਖੁਸ਼ ਕਰਨ ਦੀ ਨਿਯਮਾਂ ਤੋਂ ਉਲਟ ਜਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਦੂਜੇ ਕੌਂਸਲਰ ਬਰਦਾਸ਼ਤ ਨਹੀਂ ਕਰਨਗੇ। ਸ੍ਰੀ ਲੱਧੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਇਕ ਪਾਸੇ ਸਾਰਿਆਂ ਨੂੰ ਨਾਲ ਲੈ ਕੇ ਸਰਵਪੱਖੀ ਵਿਕਾਸ ਕਰਨ ਦੀਆਂ ਗੱਲਾਂ ਕਰ ਰਹੀ ਹੈ, ਦੂਜੇ ਪਾਸੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਚੁਣੇ ਨੁਮਾਇੰਦਿਆਂ ਨਾਲ ਧੱਕਾ ਕਰ ਰਹੇ ਹਨ। ਈਓ ਨੇ ਕਿਹਾ ਕਿ ਵਿਧਾਇਕ ਨੇ ਕੌਂਸਲਰਾਂ ਨੂੰ ਕਮਰਾ ਦੇਣ ਲਈ ਕਿਹਾ ਸੀ। ਕੌਂਸਲਰਾਂ ਨੇ ਕਿਹਾ ਕਿ ਜੇਕਰ ਈਓ ਨੇ ਵਿਧਾਇਕ ਦੇ ਕਹਿਣ ਤੇ ਕਿਸੇ ਕੌਂਸਲਰ ਨੂੰ ਕਮਰਾ ਦੇਣਾ ਹੈ ਤਾਂ ਉਹ ਹਾਊਸ ਵਿੱਚ ਮਤਾ ਲਿਆ ਕੇ ਪ੍ਰਵਾਨਗੀ ਲੈਣ। ਇਸ ਸਬੰਧੀ ਅਕਾਲੀ ਦਲ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕੁਝ ਲੋਕਾਂ ਦੀ ਚੌਧਰ ਲਈ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਕਾਸ ਕੰਮਾਂ ਨੂੰ ਲੈ ਕੇ ਵਿਧਾਇਕ ਨੇ ਅਧਿਕਾਰੀਆਂ ਦੀ ਕਲਾਸ ਲਗਾਈ
ਖੰਨਾ: ਅੱਜ ਇਥੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮਾਰਕੀਟ ਕਮੇਟੀ ਦਫਤਰ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਗੰਭੀਰਤਾ ਨਾਲ ਨਾ ਲੈਣ ਵਾਲਿਆਂ ਦੀ ਵਿਧਾਇਕ ਵੱਲੋਂ ਝਾੜਝੰਬ ਕੀਤੀ ਗਈ। ਮੀਟਿੰਗ ਦੌਰਾਨ ਕੌਂਸਲ ’ਚ ਸਫਾਈ ਸੇਵਕਾਂ ਤੇ ਮਾਲੀਆਂ ਦਾ ਮੁੱਦਾ ਛਾਇਆ ਰਿਹਾ। ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਨੇ ਕਿਹਾ ਕਿ ਕੌਂਸਲ ਵਿੱਚ ਕਰੀਬ 35 ਮਾਲੀ ਹਨ ਪਰ ਉਨ੍ਹਾਂ ਕੋਲ 12 ਮੌਜੂਦ ਹਨ, ਬਾਕੀਆਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਹਨ। ਜਿਸ ’ਤੇ ਵਿਧਾਇਕ ਨੇ ਈਓ ਨੂੰ ਮਾਲੀਆਂ ਦੀ ਸੂਚੀ ਤੁਰੰਤ ਦੇਣ ਦੀਆਂ ਹਦਾਇਤਾਂ ਦਿੱਤੀਆਂ ਤੇ ਕਿਹਾ ਮੁਲਾਜ਼ਮਾਂ ਦੀ ਤੁਰੰਤ ਪਛਾਣ ਕੀਤੀ ਜਾਵੇ, ਜਿਹੜੇ ਕੰਮ ਨਹੀਂ ਕਰਦੇ ਉਨ੍ਹਾਂ ਤੋਂ ਕੰਮ ਲਿਆ ਜਾਵੇ। ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਨੇ ਸ਼ਹਿਰ ਦੀ ਸਾਫ ਸਫਾਈ ਦੇ ਮਾਮਲੇ ’ਤੇ ਖਾਸ ਧਿਆਨ ਦੇਣ ਦੀ ਅਪੀਲ ਕੀਤੀ। ਵਿਧਾਇਕ ਸੌਂਦ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।