ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਨਵੰਬਰ
ਪੰਜਾਬ ਦੇ ਕਿਸਾਨ ਪਹਿਲਾਂ ਹੀ ਡੀਏਪੀ ਖਾਦ ਦੀ ਕਮੀ ਅਤੇ ਬਲੈਕ ਕਾਰਨ ਪ੍ਰੇਸ਼ਾਨ ਹਨ, ਹੁਣ ਯੂਰੀਆ ਵੀ ਘੱਟ ਵਜ਼ਨ ਦਾ ਮਿਲਣ ਕਾਰਨ ਇਹ ਵੀ ਵਿਵਾਦਾਂ ਵਿਚ ਘਿਰਿਆ ਦਿਖਾਈ ਦੇ ਰਿਹਾ ਹੈ। ਮਾਛੀਵਾੜਾ ਬਲਾਕ ਅਧੀਨ ਪੈਂਦੀ ਦਿ ਸ਼ੇਰਪੁਰ ਬਹੁਮੰਤਵੀ ਕੋਆਪਰੇਟਿਵ ਖੇਤੀਬਾੜੀ ਸਭਾ ਵੱਲੋਂ ਕਿਸਾਨਾਂ ਨੂੰ ਯੂਰੀਆ ਵੰਡਿਆ ਗਿਆ ਪਰ ਜਦੋਂ ਕਿਸਾਨਾਂ ਵਲੋਂ ਘਰ ਜਾ ਕੇ ਥੈਲੇ ਦਾ ਵਜ਼ਨ ਕੀਤਾ ਤਾਂ ਉਹ ਘੱਟ ਨਿਕਲਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਕੁਲਦੀਪ ਸਿੰਘ ਗਰੇਵਾਲ ਅਤੇ ਕਿਸਾਨ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 45 ਕਿੱਲੋ ਯੂਰੀਆ ਵਾਲੇ ਥੈਲੇ ’ਚੋਂ ਕੇਵਲ 37 ਤੋਂ 40 ਕਿਲੋ ਯੂਰੀਆ ਹੀ ਨਿਕਲਿਆ, ਜਿਸ ਦੀ ਉੱਚ ਅਧਿਕਾਰੀਆਂ ਵਲੋਂ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਯੂਰੀਏ ਨੂੰ ਲੈ ਕੇ ਘੁਟਾਲਾ ਹੈ ਜਾਂ ਕੰਪਨੀ ਵਲੋਂ ਹੀ ਅਜਿਹੇ ਥੈਲਿਆਂ ’ਚ ਖਾਦ ਭੇਜੀ ਜਾ ਰਹੀ ਹੈ। ਯੂਰੀਆ ਖਾਦ ਦੇ ਘੱਟ ਵਜ਼ਨ ਸਬੰਧੀ ਜਦੋਂ ਖੇਤੀਬਾੜੀ ਅਧਿਕਾਰੀ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਖੁਦ ਮੰਨਿਆ ਕਿ ਯੂਰੀਏ ਦਾ ਥੈਲਾ ਘੱਟ ਵਜ਼ਨ ਵਾਲਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਜੋ ਸ਼ੇਰਪੁਰ ਸੁਸਾਇਟੀ ਵਿਚ ਯੂਰੀਆ ਆਇਆ ਹੈ, ਉਸਦਾ ਵਜ਼ਨ ਘੱਟ ਹੈ ਅਤੇ ਮੌਕੇ ’ਤੇ ਜਾ ਕੇ ਜਦੋਂ ਥੈਲਿਆਂ ਦਾ ਵਜ਼ਨ ਕੀਤਾ ਗਿਆ ਤਾਂ ਉਸ ਵਿਚ ਨੈੱਟ ਵਜ਼ਨ ਨਾਲੋਂ ਕਾਫ਼ੀ ਘੱਟ ਮਾਤਰਾ ਵਿਚ ਯੂਰੀਆ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਿਖਤੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।
ਘੱਟ ਵਜ਼ਨ ਵਾਲੇ ਥੈਲੇ ਕੰਪਨੀ ਨੂੰ ਵਾਪਸ ਭੇਜੇ: ਸਕੱਤਰ
ਇਸ ਸਬੰਧੀ ਖੇਤੀਬਾੜੀ ਸਭਾ ਦੇ ਸਕੱਤਰ ਅਜਮੇਰ ਸਿੰਘ ਨੇ ਕਿਹਾ ਕਿ ਥੈਲਿਆਂ ਵਿਚ ਵਜ਼ਨ ਘੱਟ ਨਿਕਲਿਆ ਹੈ, ਜਿਸ ਨੂੰ ਕਿਸਾਨਾਂ ਕੋਲੋਂ ਵਾਪਸ ਲੈ ਕੇ ਕੰਪਨੀ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰੀਬ 600 ਥੈਲੇ ਸਨ, ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ।