ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 7 ਜੁਲਾਈ
ਇੱਥੇ ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਾਓ ਕਲੱਬ ਦੇ ਮੈਂਬਰਾਂ, ਸਕੂਲੀ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਫਲ਼ਦਾਰ ਅਤੇ ਛਾਂਦਾਰ ਬੂਟੇ ਲਾ ਕੇ ਵਣ ਮਹਾ-ਉਤਸਵ ਮਨਾਇਆ ਗਿਆ।
ਸਕੂਲ ਦੀ ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਰੱਖ਼ਤ ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿੱਚ ਆ ਰਹੇ ਵਿਗਾੜ ਅਤੇ ਵੱਧ ਰਹੀ ਆਲਮੀ ਤਪਸ਼ ਦਾ ਹੱਲ ਕੇਵਲ ਰੁੱਖ ਲਾ ਕੇ ਹੀ ਕੀਤਾ ਜਾ ਸਕਦਾ ਹੈ।
ਬਿਮਾਰੀਆਂ ਤੋਂ ਬਚਾਅ ਅਤੇ ਤੰਦਰੁਸਤ ਜੀਵਨ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਰੱਖਤ ਜਿੱਥੇ ਸਾਨੂੰ ਸੋਕੇ ਤੋਂ ਬਚਾਉਂਦੇ ਹਨ ਉੱਥੇ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਨੂੰ ਰੋਕਣ ਵਿਚ ਵੀ ਮਦਦਗਾਰ ਹੁੰਦੇ ਹਨ। ਇਸ ਮੌਕੇ ‘ਵਾਓ ਕਲੱਬ’ ਦੇ ਪ੍ਰਧਾਨ ਲਕਸ਼ ਮਲਹੋਤਰਾ, ਮੈਂਬਰ ਸਾਕਸ਼ੀ, ਕਾਜਲ ਉੱਪਲ ਤੋਂ ਇਲਾਵਾ ਹੋਰ ਕਈ ਅਹਿਮ ਸ਼ਖ਼ਸੀਅਤਾਂ ਵੀ ਮੌਜੂਦ ਸਨ।