ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੂਨ
ਇੱਥੇ ਦੁਗਰੀ ਰੋਡ ’ਤੇ ਅੱਜ ਗੱਡੀਆਂ ਵਾਲਿਆਂ ਦਾ ਮੇਲਾ ਲੱਗਿਆ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਕਾਰਨ ਇਹ ਮੇਲਾ ਤਿੰਨ ਸਾਲ ਬਾਅਦ ਲੱਗਿਆ ਹੈ। ਇਹ ਮੇਲਾ ਗੱਡੀਆਂ ਵਾਲਿਆਂ ਦੇ ਬਜ਼ੁਰਗ ਬਾਬਾ ਬਜ਼ੀਰਾ ਦੀ ਯਾਦ ਵਿੱਚ ਹਰ ਸਾਲ 12 ਜੂਨ ਨੂੰ ਲਾਇਆ ਜਾਂਦਾ ਹੈ। ਇਸ ਮੇਲੇ ਵਿੱਚ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਤੋਂ ਵੀ ਇਸ ਭਾਈਚਾਰੇ ਨਾਲ ਸਬੰਧਿਤ ਲੋਕ ਇਕੱਠੇ ਹੁੰਦੇ ਹਨ।
ਇਸ ਮੇਲੇ ਵਿੱਚ ਨਵਾਂ ਸ਼ਹਿਰ ਤੋਂ ਆਏ ਮੇਵੇ ਨੇ ਦੱਸਿਆ ਕਿ ਉਹ ਪਿਛਲੇ ਕਰੀਬ 12-13 ਸਾਲ ਤੋਂ ਇਸ ਮੇਲੇ ਵਿੱਚ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਮਹਾਰਾਣਾ ਪ੍ਰਤਾਪ ਦੀ ਵੰਸ਼ ਵਿੱਚੋਂ ਹਨ ਪਰ ਉਸ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਹੈ। ਉਨ੍ਹਾਂ ਦੀ ਮਾਂ-ਬੋਲੀ ਭਾਵੇਂ ਰਾਜਸਥਾਨੀ ਹੈ ਪਰ ਉਹ ਠੇਠ ਪੰਜਾਬੀ ਵੀ ਓਨੀ ਹੀ ਵਧੀਆ ਬੋਲਦੇ ਹਨ। ਨਕੋਦਰ ਤੋਂ ਆਏ ਜੀਤੇ ਨੇ ਦੱਸਿਆ ਕਿ ਪਹਿਲਾਂ ਉਹ ਸੋਨੇ, ਚਾਂਦੀ ਦੇ ਪੁਰਾਤਨ ਗਹਿਣੇ ਪਾਉਂਦੇ ਸਨ ਪਰ ਹੁਣ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਹੈ ਕਿ ਰੋਟੀ ਦੇ ਵੀ ਲਾਲੇ ਪਏ ਹੋਏ ਹਨ। ਪਹਿਲਾਂ ਉਹ ਪਿੰਡਾਂ, ਸ਼ਹਿਰਾਂ ਵਿੱਚ ਘੁੰਮ ਕੇ ਭਾਂਡੇ ਕਲੀ ਕਰਨ, ਬਾਲਟੀਆਂ ਅਤੇ ਕੜ੍ਹਾਈਆਂ ਨੂੰ ਥੱਲੇ ਲਾਉਣ, ਭਾਂਡੇ ਰੱਖਣ ਵਾਲੇ ਟੋਕਰੇ ਬਣਾਉਣ ਆਦਿ ਦਾ ਕੰਮ ਕਰਦੇ ਸਨ ਪਰ ਹੁਣ ਇਨ੍ਹਾਂ ਦੀ ਥਾਂ ਪਲਾਸਟਿਕ ਜਾਂ ਸਟੀਲ ਨੇ ਲੈ ਲਈ ਹੈ। ਇਨ੍ਹਾਂ ਦੇ ਆਪਣੇ ਕੋਈ ਪੱਕੇ ਟਿਕਾਣੇ ਨਾ ਹੋਣ ਕਰ ਕੇ ਇਹ ਸੜਕਾਂ ਦੇ ਕਿਨਾਰਿਆਂ ’ਤੇ ਹੀ ਝੁੱਗੀਆਂ ਬਣਾ ਕੇ ਗੁਜ਼ਾਰਾ ਕਰਦੇ ਸਨ। ਹੁਣ ਇਹ ਵੀ ਆਪਣੇ ਪੁਰਖਿਆਂ ਵਾਲੇ ਕੰਮ ਛੱਡ ਕੇ ਹੌਲੀ ਹੌਲੀ ਹੋਰ ਕਿੱਤਿਆਂ ਵਿੱਚ ਪੈਣ ਲੱਗੇ ਹਨ। ਕਦੇ ਸਕੂਲਾਂ ਤੋਂ ਦੂਰ ਰਹਿਣ ਵਾਲੇ ਇਨ੍ਹਾਂ ਪਰਿਵਾਰਾਂ ਦੇ ਬੱਚੇ ਵੀ ਹੁਣ ਸਕੂਲਾਂ ਵਿੱਚ ਪੜ੍ਹਨ ਲੱਗੇ ਹਨ। ਫਗਵਾੜੇ ਤੋਂ ਆਏ ਕਮਲ ਨੇ ਦੱਸਿਆ ਕਿ ਪਹਿਲਾਂ ਉਹ ਵੀ ਮੇਲੇ ਵਿੱਚ ਬਲਦਾਂ ਵਾਲੀਆਂ ਗੱਡੀਆਂ ਲੈ ਕੇ ਆਉਂਦੇ ਸਨ ਪਰ ਹੁਣ ਮਹਿੰਗਾਈ ਨੇ ਸਭ ਕੁੱਝ ਖੋਹ ਲਿਆ ਹੈ।