ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਨਵੰਬਰ
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਪਾਰਕਿੰਗਾਂ ਵਿੱਚੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗਰੋਹ ਦੇ ਮੈਂਬਰ ਚੋਰੀ ਦੀ ਮੋਟਰਸਾਈਕਲ, ਸਕੂਟਰ ਜਾਂ ਐਕਟਿਵਾ ਵੇਚਣ ਦੀ ਬਜਾਏ ਫਾਇਨਾਂਸਰਾਂ ਕੋਲ ਗਿਰਵੀ ਰੱਖ ਕੇ ਪੈਸੇ ਲੈ ਲੈਂਦੇ ਹਨ। ਜਦੋਂ ਫਾਇਨਾਂਸਰ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਲਈ ਕਹਿੰਦਾ ਸੀ ਤਾਂ ਉਹ ਉਸ ਤੋਂ ਥੋੜ੍ਹਾ ਸਮਾਂ ਮੰਗ ਲੈਂਦੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ 22 ਦੋਪਹੀਆ ਵਾਹਨ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚੋਂ 15 ਮੋਟਰਸਾਈਕਲ ਅਤੇ ਸੱਤ ਐਕਟਿਵਾ ਹਨ। ਮੁਲਜ਼ਮਾਂ ਦੀ ਪਛਾਣ ਇਸਲਾਮਗੰਜ ਵਾਸੀ ਸਾਹਿਬ, ਪਿੰਡ ਕੋਟ ਈਸੇਖਾਂ ਮੋਗਾ ਵਾਸੀ ਬੌਬੀ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੰਯੁਕਤ ਪੁਲੀਸ ਕਮਿਸ਼ਨਰ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਥਾਣਾ ਡਿਵੀਜ਼ਨ 2 ਅਤੇ ਚੌਕੀ ਜਨਕਪੁਰੀ ਦੀ ਟੀਮ ਇਲਾਕੇ ’ਚ ਗਸ਼ਤ ਕਰ ਰਹੀ ਸੀ । ਪੁਲੀਸ ਨੂੰ ਸੂਚਨਾ ਮਿਲੀ ਕਿ ਇਥੇ ਗਰੋਹ ਦੇ ਮੈਂਬਰ ਵਾਹਨ ਚੋਰੀ ਕਰਦੇ ਹਨ ਅਤੇ ਉਨ੍ਹਾਂ ਨੇ ਕਈ ਚੋਰੀ ਦੇ ਵਾਹਨ ਵੀ ਫਾਇਨਾਂਸਰਾਂ ਕੋਲ ਗਿਰਵੀ ਰੱਖੇ ਹੋਏ ਹਨ। ਪੁਲੀਸ ਨੇ ਪੁੱਛਗਿੱਛ ਲਈ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਸਾਰੀ ਕਹਾਣੀ ਦਾ ਪਤਾ ਲੱਗਿਆ। ਮੁਲਜ਼ਮਾਂ ਨੇ ਹੁਣ ਤੱਕ ਪੰਜਾਹ ਦੇ ਕਰੀਬ ਦੋਪਹੀਆ ਵਾਹਨ ਚੋਰੀ ਕੀਤੇ ਹਨ।