ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਅਕਤੂਬਰ
ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਅੱਜ ਹੋਈਆਂ ਚੋਣਾਂ ’ਚ ਬੇਸ਼ੱਕ ਕਾਂਗਰਸ ਪਾਰਟੀ ਵਲੋਂ ਬਹੁਮਤ ਪ੍ਰਾਪਤ ਕਰਕੇ ਬਾਜ਼ੀ ਮਾਰ ਲਈ ਹੈ ਪਰ ਮਾਛੀਵਾੜਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਗੁਰਦੇਵ ਸਿੰਘ ਛੌੜੀਆਂ ਜਿੱਤ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਦੇ 16 ਜ਼ੋਨ ਹਨ ਜਿਨ੍ਹਾਂ ’ਚੋਂ ਕਾਂਗਰਸ ਪਾਰਟੀ ਨੇ ਧੱਕੇਸ਼ਾਹੀ ਕਰਦਿਆਂ ਕਈ ਜ਼ੋਨਾਂ ’ਚੋਂ ਅਕਾਲੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਹੀ ਰੱਦ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਅੱਜ 9 ਵੱਖ-ਵੱਖ ਜ਼ੋਨਾਂ ਤੋਂ ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਇਆ ਪਰ ਕੇਵਲ ਇੱਕ ਮਾਛੀਵਾੜਾ ਜ਼ੋਨ ਜਿੱਥੋਂ ਅਕਾਲੀ ਉਮੀਦਵਾਰ ਗੁਰਦੇਵ ਸਿੰਘ ਛੌੜੀਆਂ ਨੇ ਇਹ ਚੋਣ ਭਾਰੀ ਬਹੁਮਤ ਜਿੱਤੀ। ਗੁਰਦੇਵ ਸਿੰਘ ਛੌੜੀਆਂ ਇਸ ਤੋਂ ਪਹਿਲਾਂ ਵੀ ਮਿਲਕ ਪਲਾਂਟ ਦੇ ਡਾਇਰੈਕਟਰ ਰਹਿ ਚੁੱਕੇ ਹਨ। ਇਸ ਮੌਕੇ ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਜਸਮੇਲ ਸਿੰਘ ਬੌਂਦਲੀ ਮੌਜੂਦ ਸਨ।
ਕਾਂਗਰਸ ਦੇ ਧਰਮਜੀਤ ਗਿੱਲ ਬਿਨਾਂ ਮੁਕਾਬਲਾ ਜੇਤੂ ਕਰਾਰ
ਵੇਰਕਾ ਮਿਲਕ ਪਲਾਂਟ ਚੋਣਾਂ ’ਚ ਕੁਹਾੜਾ ਜ਼ੋਨ ਤੋਂ ਚੋਣ ਲੜ ਰਹੇ ਧਰਮਜੀਤ ਸਿੰਘ ਗਿੱਲ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ। ਧਰਮਜੀਤ ਗਿੱਲ ਜੋ ਕਿ ਪਹਿਲਾਂ ਵੀ ਮਿਲਕ ਪਲਾਂਟ ਦੇ ਡਾਇਰੈਕਟਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਹ ਚੋਣ ਜਿੱਤ ਕੇ ਉਹ ਆਪਣੀ ਸਾਖ਼ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ। ਇਸ ਮੌਕੇ ਧਰਮਜੀਤ ਗਿੱਲ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਦੀ ਕਾਰਜਸ਼ੈਲੀ ’ਚ ਸੁਧਾਰ ਲਿਆਉਣਾ ਅਤੇ ਡੇਅਰੀ ਮਾਲਕਾਂ ਨੂੰ ਦੁੱਧ ਦਾ ਵਧੀਆ ਭਾਅ ਦਿਵਾਉਣ ਤੋਂ ਇਲਾਵਾ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣਗੇ।