ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਦਸੰਬਰ
ਨੇੜਲੇ ਪਿੰਡ ਚਕਰ ’ਚ ਅੱਜ ਪਰਵਾਸੀ ਪੰਜਾਬੀ ਅਜਮੇਰ ਸਿੱਧੂ ਦੀ ਯਾਦ ’ਚ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਕਲੱਬ ਵੱਲੋਂ ਕਿਸਾਨ ਅੰਦੋਲਨ ਦੀ ਜਿੱਤ ’ਤੇ ਫਤਹਿ ਰੈਲੀ ਕਰਵਾਈ ਗਈ। ਇਸ ’ਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਲੱਖਾ ਸਿਧਾਣਾ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਇਆ। ਇਸ ਸਮੇਂ ਚੋਣਾਂ ’ਚ ਹਿੱਸਾ ਲੈਣ ਦੇ ਮੁੱਦੇ ’ਤੇ ਵਿਚਾਰਕ ਵਖਰੇਵਾਂ ਸਾਹਮਣੇ ਆਇਆ। ਬੀਕੇਯੂ ਏਕਤਾ ਡਕੌਂਦਾ ਦੇ ਆਗੂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਚੋਣਾਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਸਿਸਟਮ ਬਦਲਣ ਦੇ ਹੱਕ ’ਚ ਭੁਗਤੇ। ਦੂਜੇ ਪਾਸੇ ਲੱਖਾ ਸਿਧਾਣਾ ਤੇ ਸਾਥੀਆਂ ਦਾ ਤਰਕ ਚੋਣਾਂ ’ਚ ਹਿੱਸਾ ਲੈ ਕੇ ਸਰਕਾਰ ਬਦਲਣ ਦਾ ਸੀ। ਇਸ ਸਮੇਂ ਲਗਭਗ ਘੰਟਾ ਭਰ ਕੰਵਲਜੀਤ ਖੰਨਾ ਅਤੇ ਲੱਖਾ ਸਿਧਾਣਾ ਨੇ ਇਕ ਤਰ੍ਹਾਂ ਨਾਲ ਮੌਜੂਦਾ ਹਾਲਾਤ ’ਚੋਂ ਉਪਜੇ ਅਸਲ ਮੁੱਦਿਆਂ ਬਾਰੇ ਵਿਚਾਰ ਪੇਸ਼ ਕੀਤੇ ਤਾਂ ਇਕ ਤਰ੍ਹਾਂ ਨਾਲ ਡੀਬੇਟ ਅਤੇ ਸਕੂਲਿੰਗ ਦਾ ਸਾਰਥਕ ਮਾਹੌਲ ਬਣ ਗਿਆ। ਇਸ ਸਮੇਂ ਮੁੱਖ ਤੌਰ ’ਤੇ ਰਾਜਨੀਤਕ ਤਬਦੀਲੀ ਲਈ ਕੀ ਕਰਨਾ ਹੋਵੇਗਾ ਦੇ ਸਵਾਲ ’ਤੇ ਬਹਿਸ ਫਿਕਸ ਹੋ ਗਈ। ਕਿਸਾਨ ਆਗੂਆਂ ਦਾ ਵਿਚਾਰ ਸੀ ਕਿ ਲੜਾਈ ਸਿਸਟਮ ਤਬਦੀਲੀ ਦੀ ਹੈ ਨਾ ਕਿ ਚਿਹਰੇ ਤਬਦੀਲੀ ਦੀ। ਬਹਿਸ ਤਿੱਖੀ ਹੋਣ ’ਤੇ ਭਾਨਾ ਸਿੱਧੂ ਤੇ ਤਾਰਾ ਸਿੰਘ ਅੱਚਰਵਾਲ ਨੇ ਵੀ ਤਰਕ ਸਹਿਤ ਭਾਗ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਚੋਣਾਂ ’ਚ ਭਾਗ ਨਹੀਂ ਲਵੇਗਾ ਕਿਉਂਕਿ ਕਿਸਾਨੀ ਏਕਤਾ ਇਕਜੁੱਟ ਰੱਖਣਾ ਅੱਜ ਦੀ ਸਭ ਤੋਂ ਅਹਿਮ ਲੋੜ ਹੈ। ਵੋਟਾਂ ’ਚ ਭਾਗ ਲੈਣ ਨਾਲ ਕਮਾਈ ਏਕਤਾ ਨਸ਼ਟ ਹੋਵੇਗੀ। ਲੋਕ ਲਹਿਰ ਦੀ ਉਸਾਰੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ ਕਿਉਂਕਿ ਅਜੇ ਤਾਂ ਸ਼ੁਰੂਆਤ ਹੈ। ਭਾਨਾ ਸਿੱਧੂ ਦਾ ਕਹਿਣਾ ਸੀ ਕਿ ਬਿਨਾਂ ਤਾਕਤ ਦੇ ਪ੍ਰਬੰਧ ਬਦਲਣ ਸੰਭਵ ਨਹੀਂ ਅਤੇ ਤਾਕਤ ਲਈ ਚੋਣਾਂ ’ਚ ਕੁੱਦਣਾ ਪੈਣਾ ਹੈ। ਇਸ ਸਮੇਂ ਪਿੰਡ ਦੀ ਸੱਥ ’ਚ ਵਿਸ਼ਾਲ ਸਨਮਾਨ ਸਮਾਗਮ ਵੀ ਕਰਵਾਇਆ ਗਿਆ। ਰੋਡਿਆਂ ਵਾਲੇ ਕਵੀਸ਼ਰੀ ਜਥੇ ਨੇ ਸੋਮਨਾਥ ਕਵੀਸ਼ਰ ਦੀ ਅਗਵਾਈ ’ਚ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮੇਂ ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ, ਇੰਦਰਜੀਤ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਸੁੱਖ ਜਗਰਾਉਂ, ਰੁਪਿੰਦਰ ਜਲਾਲ ਆਦਿ ਮੌਜੂਦ ਸਨ।
ਚੋਣਾਂ ਲੜਨ ਬਾਰੇ ਐਲਾਨ ਜਲਦ ਕਰਾਂਗੇ: ਲੱਖਾ ਸਿਧਾਣਾ
ਭ੍ਰਿਸ਼ਟ ਮੰਤਰੀਆਂ ਅਤੇ ਆਗੂਆਂ ਦੀ ਬਾਂਹ ਮਰੋੜ ਕੇ ਮੋਦੀ ਹਕੂਮਤ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕਰਵਾ ਰਹੀ ਹੈ। ਇਨ੍ਹਾਂ ਮੰਤਰੀਆਂ ਦੀ ਕੀਤੀ ਲੁੱਟ ਦਾ ਸਾਰਾ ਰਿਕਾਰਡ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਕੋਲ ਮੌਜੂਦ ਹੈ, ਜਿਸ ਦੇ ਸਿਰ ’ਤੇ ਇਹ ਗੰਦੀ ਸਿਆਸੀ ਖੇਡ ਖੇਡੀ ਜਾ ਰਹੀ ਹੈ ਪਰ ਕਿਸਾਨ ਸੰਘਰਸ਼ ਨੇ ਲੋਕਾਂ ਨੂੰ ਹੁਣ ਇੰਨਾ ਕੁ ਜਾਗਰੂਕ ਕਰ ਦਿੱਤਾ ਹੈ ਕਿ ਦਲ-ਬਦਲੀ ਕਰਕੇ ਭਾਜਪਾ ਵੱਲੋਂ ਚੋਣ ਮੈਦਾਨ ’ਚ ਇਹੀ ਚਿਹਰੇ ਉਤਾਰੇ ਜਾਣ ’ਤੇ ਸੂਝਵਾਨ ਲੋਕ ਇਨ੍ਹਾਂ ਨੂੰ ਐਤਕੀਂ ਨਕਾਰ ਦੇਣਗੇ। ਇਹ ਪ੍ਰਗਟਾਵਾ ਲੱਖਾ ਸਿਧਾਣਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਕਿਸਾਨ ਸੰਘਰਸ਼ ਦੀ ਜਿੱਤ ਦੀ ਖੁਸ਼ੀ ’ਚ ਰੱਖੇ ਇਕੱਠ ’ਚ ਪਹੁੰਚੇ ਲੱਖਾ ਸਿਧਾਣਾ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਲੈਣ ਨਾਲ ਕਿਸਾਨ ਸੰਘਰਸ਼ ਦੀ ਜਿੱਤ ਹੋ ਚੁੱਕੀ ਹੈ ਪਰ ਪੰਜਾਬ ਦੇ ਹੱਕਾਂ ਲਈ ਅਸਲ ਲੜਾਈ ਹੁਣ ਸ਼ੁਰੂ ਹੋਈ ਹੈ। ਉਨ੍ਹਾਂ ਦੇ ਚੋਣਾਂ ਲੜਨ ਅਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀ ਚੱਲਦੀ ਚਰਚਾ ਬਾਰੇ ਲੱਖਾ ਸਿਧਾਣਾ ਨੇ ਕਿਹਾ ਕਿ 32 ਵਿੱਚੋਂ 20-22 ਕਿਸਾਨ ਜਥੇਬੰਦੀਆਂ ਚੋਣਾਂ ਲੜਨ ਦੇ ਹੱਕ ’ਚ ਹਨ ਅਤੇ ਜਲਦ ਹੀ ਇਸ ਸਬੰਧੀ ਵੱਡਾ ਐਲਾਨ ਹੋਣ ਜਾ ਰਿਹਾ ਹੈ।