ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਸਤੰਬਰ
ਪੰਜਾਬ ਪੁਲੀਸ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਲਗਾਤਾਰ ਸੁਰੱਖੀਆਂ ’ਚ ਬਣੀ ਹੋਈ ਹੈ। ਜਲੰਧਰ ਵਿੱਚ ਡੀਸੀਪੀ ਤੇ ‘ਆਪ’ ਵਿਧਾਇਕ ਦਰਮਿਆਨ ਚੱਲ ਰਿਹਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਕਿ ਸਨਅਤੀ ਸ਼ਹਿਰ ਦੇ ਇੱਕ ਏਸੀਪੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦੇਰ ਰਾਤ ਗਸ਼ਤ ਦੌਰਾਨ ਇੱਕ ਦੁਕਾਨਦਾਰ ਨੂੰ ਡੰਡਿਆਂ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਏਸੀਪੀ ਦੇ ਨਾਲ ਇੱਕ ਹੋਰ ਮੁਲਾਜ਼ਮ ਹੈ ਅਤੇ ਦੁਕਾਨਦਾਰ ਨੂੰ ਘਸੀਟ ਕੇ ਗੱਡੀ ਵਿੱਚ ਸੁੱਟਿਆ ਜਾ ਰਿਹਾ ਹੈ। ਵੀਡੀਓ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਦੁਕਾਨਦਾਰ ਨੇ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੀ ਥਾਂ ਇਹ ਸਾਰਾ ਮਾਮਲਾ ਵਿਧਾਇਕ ਮਦਨ ਲਾਲ ਬੱਗਾ ਦੇ ਧਿਆਨ ਵਿੱਚ ਲਿਆਂਦਾ ਹੈ, ਜਿੰਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਏਸੀਪੀ ਆਪਣੀ ਪੁਲੀਸ ਟੀਮ ਨਾਲ ਇਲਾਕੇ ’ਚ ਗਸ਼ਤ ਕਰ ਰਹੇ ਸਨ। ਸ਼ੁੱਕਰਵਾਰ ਦੇਰ ਰਾਤ ਨੂੰ ਇਲਾਕੇ ’ਚ ਇੱਕ ਦੁਕਾਨਦਾਰ ਆਪਣੀ ਮਠਿਆਈ ਦੀ ਦੁਕਾਨ ‘ਸ਼ਗਨ ਬੀਕਾਨੇਰ’ ਨੂੰ ਬੰਦ ਕਰ ਰਿਹਾ ਸੀ। ਏਸੀਪੀ ਨੇ ਤੈਸ਼ ਵਿੱਚ ਆ ਕੇ ਦੁਕਾਨਦਾਰ ਦੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਇਸ ਸਬੰਧੀ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਏਸੀਪੀ ਦੇ ਖਿਲਾਫ਼ ਕੋਈ ਸ਼ਿਕਾਇਤ ਨਹੀਂ ਮਿਲੀ।