ਸੰਤੋਖ ਗਿੱਲ
ਗੁਰੂਸਰ ਸੁਧਾਰ, 20 ਜੂਨ
ਵਿਧਾਨ ਸਭਾ ਹਲਕਾ ਰਾਏਕੋਟ ਦੇ ਕਸਬਾ ਨੁਮਾ ਪਿੰਡ ਨਵੀਂ ਆਬਾਦੀ ਅਕਾਲਗੜ੍ਹ ਵਿੱਚ ਬੁਲਾਏ ਗਏ ਆਮ ਇਜਲਾਸ ’ਚ 2 ਫ਼ੀਸਦੀ ਲੋਕਾਂ ਦੇ ਵੀ ਨਾ ਪਹੁੰਚਣ ਕਾਰਨ ਬਲਾਕ ਵਿਕਾਸ ਅਧਿਕਾਰੀਆਂ ਨੇ ਗਰਾਮ ਸਭਾ ਮੁਅੱਤਲ ਕਰ ਦਿੱਤੀ।
ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਅਨੁਸਾਰ ਕਸਬੇ ਦੇ ਗਲੀ-ਮੁਹੱਲੇ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪ੍ਰਚਾਰ ਦੇ ਬਾਵਜੂਦ ਲੋਕਾਂ ਵੱਲੋਂ ਆਮ ਇਜਲਾਸ ਵਿੱਚ ਦਿਲਚਸਪੀ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਛੱਪੜ ਅਤੇ ਕੂੜਾ ਸੁੱਟਣ ਲਈ ਥਾਂ ਉਪਲਬਧ ਨਾ ਹੋਣ ਕਾਰਨ ਵੀ ਲੋਕ ਨਿਰਾਸ਼ ਹਨ ਅਤੇ ਜ਼ਿਆਦਾਤਰ ਲੋਕ ਨੌਕਰੀ ਪੇਸ਼ਾ ਜਾਂ ਕਾਰੋਬਾਰੀ ਹੋਣ ਕਾਰਨ ਵੀ ਹਾਜ਼ਰ ਨਹੀਂ ਹੁੰਦੇ। ਇਸ ਲਈ 25 ਜੂਨ ਨੂੰ ਮੁੜ ਇਜਲਾਸ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਜਦੋਂ ਦਾ ਪਿੰਡ ਬੱਝਾ ਹੈ ਕਦੇ ਸਫਲ ਆਮ ਇਜਲਾਸ ਨਹੀਂ ਹੋਇਆ, ਸਿਰਫ਼ ਖਾਨਾ ਪੂਰਤੀ ਹੁੰਦੀ ਹੈ।
ਪੰਚਾਇਤ ਸਕੱਤਰ ਪਲਵਿੰਦਰ ਸਿੰਘ ਅਨੁਸਾਰ ਪਿੰਡ ਦੀ ਗਰਾਮ ਸਭਾ ਵਿੱਚ ਕਰੀਬ ਤਿੰਨ ਹਜ਼ਾਰ ਮੈਂਬਰ ਹਨ ਪਰ ਹਾਜ਼ਰ ਸਿਰਫ਼ 38 ਹੀ ਹੋਏ, ਜਦਕਿ ਸਿਹਤ ਵਿਭਾਗ ਵੱਲੋਂ ਰਮਨਦੀਪ ਕੌਰ ਕਮਿਊਨਿਟੀ ਸਿਹਤ ਅਫ਼ਸਰ, ਸਵਰਨਜੀਤ ਕੌਰ ਏ.ਐਨ.ਐਮ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਸੁਪਰਵਾਈਜ਼ਰ ਭੁਪਿੰਦਰ ਕੌਰ ਪੂਰੀ ਟੀਮ ਸਮੇਤ ਮੌਜੂਦ ਰਹੇ। ਸਰਪੰਚ ਸੁਖਵਿੰਦਰ ਸਿੰਘ ਕਲੇਰ ਅਨੁਸਾਰ ਖ਼ੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਤਾਂ ਉਨ੍ਹਾਂ ਦਾ ਫ਼ੋਨ ਵੀ ਨਹੀਂ ਸੁਣਦੇ ਹਾਜ਼ਰ ਹੋਣਾ ਤਾਂ ਦੂਰ ਦੀ ਗੱਲ ਹੈ।
ਇਸ ਮੌਕੇ ਬਲਾਕ ਵਿਕਾਸ ਦਫ਼ਤਰ ਵੱਲੋਂ ਜੂਨੀਅਰ ਇੰਜਨੀਅਰ ਜਗਜੀਤ ਸਿੰਘ ਅਤੇ ਮਨਰੇਗਾ ਦੀ ਗਰਾਮ ਰੁਜ਼ਗਾਰ ਸੇਵਕ ਮਨਪ੍ਰੀਤ ਕੌਰ ਮੌਜੂਦ ਸਨ। ਇਜਲਾਸ ਵਿੱਚ ਪਹੁੰਚੇ ਲੋਕਾਂ ਨੇ ਗਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਰੋਣਾ ਰੋਇਆ।
ਕੋਰਮ ਪੂਰਾ ਨਾ ਹੋਣ ਕਾਰਨ ਕੈਲਪੁਰ ਦਾ ਇਜਲਾਸ ਮੁਲਤਵੀ
ਮੁੱਲਾਂਪੁਰ ਦਾਖਾ: ਹਲਕਾ ਦਾਖਾ ਦੇ ਪਿੰਡ ਕੈਲਪੁਰ ਵਿੱਚ ਆਮ ਇਜਲਾਸ ਦੌਰਾਨ ਪਿੰਡ ਦੋ ਧੜਿਆਂ ਵਿੱਚ ਵੰਡਿਆ ਦਿਖਾਈ ਦਿੱਤਾ ਅਤੇ ਦਿਨ ਭਰ ਤਣਾਅ ਵਾਲਾ ਮਾਹੌਲ ਰਿਹਾ। ਕੈਲਪੁਰ ਦੇ ਵੱਡੀ ਗਿਣਤੀ ਲੋਕ ਪਿੰਡ ਦੇ ਪੰਚਾਇਤ ਘਰ ਲਾਗੇ ਪ੍ਰਾਇਮਰੀ ਸਕੂਲ ਵਿੱਚ ਇਕੱਠੇ ਸਨ, ਜਦਕਿ ਦਲਿਤ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਸਰਪੰਚ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਵਿਕਾਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਡੇਢ ਕੁ ਦਰਜਨ ਔਰਤਾਂ ਹੀ ਆਮ ਇਜਲਾਸ ਵਿੱਚ ਹਾਜ਼ਰ ਸਨ। ਇਸ ਦੌਰਾਨ ਪੰਚਾਇਤ ਸਕੱਤਰ ਸੁਖਮਿੰਦਰ ਸਿੰਘ ਨੇ ਵਧੀਕ ਪ੍ਰੋਗਰਾਮ ਅਫ਼ਸਰ ਪ੍ਰਭਜੋਤ ਕੌਰ ਦੀ ਮੌਜੂਦਗੀ ਵਿੱਚ ਕੋਰਮ ਪੂਰਾ ਨਾ ਹੋਣ ਕਾਰਨ ਆਮ ਇਜਲਾਸ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਸਰਪੰਚ ਸੁਰਿੰਦਰ ਸਿੰਘ ਅਨੁਸਾਰ ਉਹ ਧਾਰਮਿਕ ਯਾਤਰਾ ‘ਤੇ ਗਏ ਹੋਏ ਸਨ ਅਤੇ ਅੱਜ ਤੜਕਸਾਰ ਹੀ ਵਾਪਸ ਆਏ। ਉਨ੍ਹਾਂ ਦੱਸਿਆ ਕਿ ਸਵੇਰੇ ਹੀ ਧਰਮਸ਼ਾਲਾ ਵਿੱਚ ਆਮ ਇਜਲਾਸ ਬੁਲਾਇਆ ਸੀ। ਪੰਚਾਇਤ ਸਕੱਤਰ ਸੁਖਮਿੰਦਰ ਸਿੰਘ ਅਨੁਸਾਰ ਗਰਾਮ ਸਭਾ ਦੇ 1363 ਮੈਂਬਰ ਹਨ, ਸਰਪੰਚ ਅਤੇ 4 ਪੰਚਾਂ ਤੋਂ ਇਲਾਵਾ ਸਿਰਫ਼ ਅੱਧੀ ਦਰਜਨ ਲੋਕ ਹੀ ਇੱਥੇ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ 14 ਔਰਤਾਂ ਹੋਰ ਆਉਣ ਦੇ ਬਾਵਜੂਦ ਇਜਲਾਸ ਦੀ ਕਾਰਵਾਈ ਚਲਾਈ ਨਾ ਜਾ ਸਕੀ। ਜਦਕਿ ਪਿੰਡ ਦੇ ਪ੍ਰਾਇਮਰੀ ਸਕੂਲ ਲਾਗੇ 70 ਤੋਂ ਵਧੇਰੇ ਪਿੰਡ ਵਾਸੀਆਂ ਦੀ ਅਗਵਾਈ ਕਰਨ ਵਾਲੇ ਲਖਵੀਰ ਸਿੰਘ, ਪਰਮਜੀਤ ਸਿੰਘ ਅਤੇ ਸੰਦੀਪ ਕੌਰ ਨੇ ਦੋਸ਼ ਲਾਇਆ ਕਿ ਸਰਪੰਚ ਦੇ ਭਰਾ ਵੱਲੋਂ ਆਮ ਇਜਲਾਸ ਪ੍ਰਾਇਮਰੀ ਸਕੂਲ ਲਾਗੇ ਪੰਚਾਇਤ ਘਰ ਵਿੱਚ ਕਰਨ ਦਾ ਐਲਾਨ ਗੁਰੂਘਰ ਤੋਂ ਕੀਤਾ ਗਿਆ ਸੀ, ਪਰ ਮੌਕੇ ‘ਤੇ ਸਰਪੰਚ ਵੱਲੋਂ ਖ਼ੁਦ ਹੀ ਤਬਦੀਲੀ ਕੀਤੀ ਗਈ ਹੈ।