ਜਸਬੀਰ ਸ਼ੇਤਰਾ
ਜਗਰਾਉਂ, 29 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਖ਼ਿਲਾਫ਼ ਮਨਾਏ ਜਾ ਰਹੇ ‘ਵਿਸ਼ਵਾਸਘਾਤ ਦਿਵਸ’ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਇਲਾਕੇ ਦੇ ਪਿੰਡਾਂ ’ਚ ਲਾਮਬੰਦੀ ਜਾਰੀ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਚੌਕੀਮਾਨ ਟੌਲ ’ਤੇ ਇਸ ਦਿਨ ਕਿਸਾਨਾਂ ਦਾ ਵੱਡਾ ਇਕੱਠ ਰੱਖਿਆ ਹੈ। 31 ਜਨਵਰੀ ਦਾ ਐਕਸ਼ਨ ਸਫ਼ਲ ਬਣਾਉਣ ਲਈ ਜਥੇਬੰਦੀ ਦੇ ਨੁਮਾਇੰਦੇ ਕਾਫ਼ਲੇ ਲੈ ਕੇ ਪਿੰਡਾਂ ’ਚ ਨਿਕਲੇ ਹੋਏ ਹਨ। ਇਸ ਮੁਹਿੰਮ ਤਹਿਤ ਟੈਂਪੂ, ਸਪੀਕਰ ਤੇ ਹੋਰ ਵਾਹਨਾਂ ’ਤੇ ਕਿਸਾਨੀ ਝੰਡੇ ਬੰਨ੍ਹ ਨਿਕਲੇ ਕਿਸਾਨ ਆਗੂਆਂ ਨੇ ਪਿੰਡ ਸਿੱਧਵਾਂ ਖੁਰਦ, ਗੁੜੇ, ਸਵੱਦੀ ਤੇ ਤਲਵੰਡੀ ਕਲਾਂ ’ਚ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ। ਇਸ ਮੌਕੇ ਨੇੜਲੇ ਪਿੰਡ ਸਿੱਧਵਾਂ ਖੁਰਦ ’ਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀ ਵਿਸ਼ਾਲ ਇਕੱਤਰਤਾ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਸਕੱਤਰ ਜਸਦੇਵ ਸਿੰਘ ਲਲਤੋਂ, ਜਸਬੀਰ ਸਿੰਘ ਗੁੜੇ, ਮੀਤ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਰਵਿੰਦਰ ਸਿੰਘ ਸੁਧਾਰ, ਨੰਬਰਦਾਰ ਬਲਜੀਤ ਸਿੰਘ ਸਵੱਦੀ, ਜਗਮੋਹਣ ਸਿੰਘ ਸਵੱਦੀ, ਮੁੱਖ ਸਲਾਹਕਾਰ ਗੁਰਮੇਲ ਸਿੰਘ ਕੁਲਾਰ ਨੇ ਦਿੱਲੀ ਮੋਰਚਾ ਅਤੇ ਚੌਕੀਮਾਨ ਟੌਲ ਮੋਰਚਾ ’ਚ ਨਗਰਾਂ ਵੱਲੋਂ ਪਾਏ ਅਹਿਮ ਯੋਗਦਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਮੌਜੂਦਾ ਚੋਣਾਂ ’ਚ ਹਿੱਸਾ ਨਾ ਲੈਣ ਅਤੇ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਾ ਕਰਨ ਦੀ ਕਿਸਾਨ-ਨੀਤੀ ਬਾਰੇ ਐਲਾਨ ਕੀਤੇ। ਅਖੀਰ ’ਚ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਨੌਜਵਾਨਾਂ ਨੂੰ ਇਸ ਐਕਸ਼ਨ ’ਚ ਵੱਧ ਚੜ੍ਹ ਕੇ ਤੇ ਵਹੀਰਾਂ ਘੱਤ ਕੇ ਪੁੱਜਣ ਦਾ ਸੰਗਰਾਮੀ ਸੱਦਾ ਦਿੱਤਾ। ਲਾਮਬੰਦੀ ਲਈ ਪਿੰਡਾਂ ’ਚ ਘੁੰਮ ਰਹੇ ਕਾਫ਼ਲੇ ’ਚ ਖਜ਼ਾਨਚੀ ਜਸਵੰਤ ਸਿੰਘ ਮਾਨ, ਚਰਨ ਸਿੰਘ ਤਲਵੰਡੀ, ਕਰਨੈਲ ਸਿੰਘ ਸਵੱਦੀ, ਸੁਖਵਿੰਦਰ ਸਿੰਘ ਸਵੱਦੀ, ਨਰਭਿੰਦਰ ਸਿੰਘ, ਬਲਵੰਤ ਸਿੰਘ ਗੁੜੇ, ਪਾਲ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ ਨੇ ਸ਼ਮੂਲੀਅਤ ਕੀਤੀ।