ਸਤਵਿੰਦਰ ਬਸਰਾ
ਲੁਧਿਆਣਾ, 2 ਅਕਤੂਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅੱਜ ਪੀਏਯੂ ਅਤੇ ਗੋਵਿੰਦ ਗਊ ਧਾਮ ਦਾ ਦੌਰਾ ਕੀਤਾ ਗਿਆ। ਪੀਏਯੂ ਦੇ ਦੌਰੇ ਮੌਕੇ ਉਨ੍ਹਾਂ ਜਿੱਥੇ ਪੀਏਯੂ ਦੇ ਅਧਿਕਾਰੀਆਂ ਤੋਂ ਖੇਤੀ ਤਕਨੀਕਾਂ, ਸੰਦਾਂ ਅਤੇ ਖੋਜਾਂ ਸਬੰਧੀ ਜਾਣਕਾਰੀ ਲਈ, ਉਥੇ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਤਜਰਬਾ ਪਲਾਟਾਂ ਦਾ ਦੌਰਾ ਵੀ ਕੀਤਾ।
ਰਾਜਪਾਲ ਨੇ ਪੀਏਯੂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਖੇਤੀ ਸਬੰਧੀ ਹੋ ਰਹੇ ਤਜਰਬਿਆਂ ਦਾ ਸਰਵੇਖਣ ਕੀਤਾ। ਉਨ੍ਹਾਂ ਨੇ ਦੇਸ਼ ਨੂੰ ਅੰਨ੍ਹ ਪੱਖੋਂ ਸਵੈ ਨਿਰਭਰ ਬਣਾਉਣ ਲਈ ’ਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਪੀਏਯੂ ਦੇ ਉਪ ਕੁਲਪਤੀ ਅਤੇ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਰਾਜਪਾਲ ਦਾ ਨਿੱਘਾ ਸਵਾਗਤ ਕੀਤਾ ਅਤੇ ਪੀਏਯੂ ਵੱਲੋਂ ਖੇਤੀ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਡੀਸੀ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ, ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਡਾ. ਨਵਤੇਜ ਸਿੰਘ ਬੈਂਸ ਸਮੇਤ ਹੋਰ ਕਈ ਅਧਿਕਾਰੀ ਹਾਜ਼ਰ ਸਨ।
ਰਾਜਪਾਲ ਵੱਲੋਂ ਗਊਆਂ ਦੀ ਸੁਰੱਖਿਆ ਸਬੰਧੀ ਮੁਹਿੰਮ ਦਾ ਉਦਘਾਟਨ
ਇਸੇ ਤਰ੍ਹਾਂ ਰਾਜਪਾਲ ਪੁਰੋਹਿਤ ਨੇ ਗਊ ਰੱਖਿਆ ਸਬੰਧੀ ਮੁਹਿੰਮ ਦੀ ਸ਼ੁਰੂਆਤ ਅਤੇ ਹੰਬੜਾਂ ਰੋਡ ’ਤੇ ਸ਼੍ਰੀ ਦੰਡੀ ਸਵਾਮੀ ਗਊ ਲੋਕ ਧਾਮ ਭਾਗ-2 ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਵਰ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਮੇਅਰ ਬਲਕਾਰ ਸਿੰਘ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿਘ ਭੁੱਲਰ ਆਦਿ ਆਗੂ ਅਤੇ ਅਧਿਕਾਰੀ ਹਾਜ਼ਰ ਸਨ।