ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੁਲਾਈ
ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਅੱਜ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਸਥਾਪਿਤ ਅਜਾਇਬਘਰਾਂ ਦਾ ਦੌਰਾ ਕੀਤਾ। ਡਾ. ਗੋਸਲ ਦਾ ਇਹ ਦੌਰਾ ਪੀਏਯੂ ਵਿੱਚ 16-18 ਅਕਤੂਬਰ ਤੱਕ ਖੇਤੀ ਯੂਨੀਵਰਸਿਟੀਆਂ ਵਿੱਚ ਸਥਾਪਿਤ ਅਜਾਇਬ ਘਰਾਂ ਸਬੰਧੀ ਕਰਵਾਈ ਜਾ ਰਹੀ ਕੌਮਾਂਤਰੀ ਕਾਨਫਰੰਸ ਤਹਿਤ ਕੀਤਾ ਗਿਆ। ਹਰ ਤਿੰਨ ਸਾਲ ਬਾਅਦ ਹੋਣ ਵਾਲੀ ਇਸ ਕਾਨਫਰੰਸ ਦੇ 20ਵੇਂ ਅੰਕ ਦੀ ਮੇਜ਼ਬਾਨੀ ਪੀਏਯੂ ਨੂੰ ਸੌਂਪੀ ਗਈ ਹੈ। ਵਾਈਸ ਚਾਂਸਲਰ ਨੇ ਉੱਚ ਅਧਿਕਾਰੀਆਂ ਦੀ ਟੀਮ ਨਾਲ ਅੱਜ ਸੰਚਾਰ ਕੇਂਦਰ ਦੇ ਹਰੀ ਕ੍ਰਾਂਤੀ ਅਜਾਇਬਘਰ, ਕੀਟ ਵਿਗਿਆਨ ਵਿਭਾਗ ਦੇ ਕੀਟ ਅਜਾਇਬ ਘਰ, ਜੁਆਲੋਜੀ ਵਿਭਾਗ ਦੇ ਜੈਵਿਕ ਵਿਕਾਸ ਅਜਾਇਬਘਰ, ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ, ਸਾਇਲ ਮਿਊਜ਼ੀਅਮ, ਖੇਤੀ ਬਾਇਓਤਕਨਾਲੋਜੀ ਸਕੂਲ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਫ਼ਸਲ ਅਜਾਇਬਘਰ, ਯੂਨੀਵਰਸਿਟੀ ਲਾਇਬ੍ਰੇਰੀ ਦੇ ਅਜਾਇਬਘਰ, ਧਰਤੀ, ਪਾਣੀ ਅਤੇ ਊਰਜਾ ਸਰੋਤਾਂ ਬਾਰੇ ਡਾ. ਉੱਪਲ ਮਿਊਜ਼ੀਅਮ ਤੋਂ ਇਲਾਵਾ ਫਾਰਮ ਮਸ਼ੀਨਰੀ ਪਾਵਰ ਇੰਜਨੀਅਰਿੰਗ ਵਿਭਾਗ ਦੇ ਅਜਾਇਬਘਰ ਦਾ ਦੌਰਾ ਕੀਤਾ। ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੀ ਖੇਤੀ ਵਿਰਾਸਤ ਨੂੰ ਆਪਣੇ ਅਜਾਇਬਘਰਾਂ ਵਿੱਚ ਸੰਭਾਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀਏਯੂ ਦੀ ਦੇਖਾ ਦੇਖੀ ਹੋਰ ਸੰਸਥਾਵਾਂ ਨੇ ਵੀ ਅਜਿਹੇ ਅਜਾਇਬ ਘਰ ਬਨਾਉਣ ਲਈ ਪਹਿਲਕਦਮੀ ਕੀਤੀ ਹੈ। ਇਸ ਮੌਕੇ ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ ਹਾਜ਼ਰ ਸਨ।