ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਬਲਾਕ ਅਧੀਨ ਪੈਂਦੇ ਪਿੰਡ ਨੀਲੋਂ ਕਲਾਂ ਵਿੱਚ ਵੋਟਿੰਗ ਧੀਮੀ ਗਤੀ ਨਾਲ ਹੋਣ ਕਾਰਨ ਵੋਟਰ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ। ਪੋਲਿੰਗ ਬੂਥ ਦੇ ਬਾਹਰ ਪ੍ਰੇਸ਼ਾਨ ਹੋਏ ਵੋਟਰਾਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਆਪਣੀ ਵੋਟ ਪਾਉਣ ਦੇ ਇੰਤਜ਼ਾਰ ਵਿੱਚ ਖੜ੍ਹੇ ਹਨ ਪਰ ਅੰਦਰ ਵੋਟ ਪੋਲ ਹੋਣ ਦੀ ਬਹੁਤ ਧੀਮੀ ਗਤੀ ਹੈ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਵੋਟਰਾਂ ਨੇ ਦੱਸਿਆ ਕਿ ਦੁਪਹਿਰ ਦੇ 12.30 ਵਜੇ ਤੱਕ ਸਿਰਫ਼ 12 ਪ੍ਰਤੀਸ਼ਤ ਵੋਟ ਪਈ ਸੀ। ਵੋਟਰਾਂ ਨੇ ਕਿਹਾ ਕਿ ਉਹ ਲਾਈਨਾਂ ਵਿੱਚ ਖੜ੍ਹ-ਖੜ੍ਹ ਕੇ ਵਾਪਸ ਮੁੜ ਰਹੇ ਹਨ। ਇਸ ਦੌਰਾਨ ਪੋਲਿੰਗ ਬੂਥ ਦੇ ਬਾਹਰ ਵੋਟਰਾਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ। ਜਦੋਂ ਇਸ ਸਬੰਧੀ ਚੋਣ ਅਧਿਕਾਰੀ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੀਲੋਂ ਕਲਾਂ ਵਿੱਚ ਵੋਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ।