ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਕਰਨ, ਡੀਏਪੀ ਦੀ ਘਾਟ ਪੂਰੀ ਕਰਨ ਅਤੇ ਵਿਕੇ ਹੋਏ ਝੋਨੇ ਦੀ ਅਦਾਇਗੀ ਤੁਰੰਤ ਕਰਨ ਦਾ ਮਸਲਾ ਪੰਜ ਦਿਨਾਂ ਦੇ ਅੰਦਰ ਹੱਲ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਇਨ੍ਹਾਂ ਮਸਲਿਆਂ ਬਾਰੇ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ।
ਅੱਜ ਗੁਰਦੁਆਰਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵਿੱਚ ਜਥੇਬੰਦੀ ਦੀ ਮੀਟਿੰਗ ਉਪਰੰਤ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਝੋਨੇ ਦੀ ਫ਼ਸਲ ਲੈ ਕੇ ਕਿਸਾਨ ਮੰਡੀਆਂ ਵਿੱਚ ਰੁੱਲ ਰਿਹਾ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਵਿੱਕ ਚੁੱਕੀ ਹੈ ਉਨ੍ਹਾਂ ਨੂੰ 20 ਅਕਤੂਬਰ ਤੋਂ ਬਾਅਦ ਝੋਨੇ ਦੀ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਡੀਏਪੀ ਦੀ ਕਿੱਲਤ ਦੂਰ ਕਰੇ। ਉਨ੍ਹਾਂ ਝੋਨੇ ਦੀ ਖਰੀਦ ਸਮੇਂ ਕੀਤੀ ਜਾ ਰਹੀ ਕਟੌਤੀ ਸਬੰਧੀ ਵੀ ਜ਼ਿੰਮੇਵਾਰ ਲੋਕਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।