ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਪਿਛਲੇ ਲੰਮੇ ਸਮੇਂ ਤੋਂ ਸਮਾਰਟ ਸਿਟੀ ਲੁਧਿਆਣਾ ਵਿੱਚ ਐੱਲਈਡੀ ਸਟਰੀਟ ਲਾਈਟ ਤੋਂ ਪਰੇਸ਼ਾਨ ਹੋ ਰਹੇ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਉਣ ਦੇ ਲਈ ਅੱਜ ਮੇਅਰ ਬਲਕਾਰ ਸਿੰਘ ਸੰਧੂ ਨੇ ਆਲ ਪਾਰਟੀ ਮੀਟਿੰਗ ਬੁਲਾਈ। ਇਸ ਵਿੱਚ ਸਭ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਜੇਕਰ ਐੱਲਈਡੀ ਸਟਰੀਟ ਲਾਈਟ ਦਾ ਪ੍ਰਾਜੈਕਟ ਚਲਾਉਣ ਵਾਲੀ ਟਾਟਾ ਕੰਪਨੀ ਨੇ 15 ਦਿਨਾਂ ਵਿੱਚ ਸ਼ਹਿਰ ਵਿੱਚ ਲਾਈਟਾਂ ਦੀ ਸਮੱਸਿਆ ਹੱਲ ਨਹੀਂ ਕੀਤੀ ਤਾਂ ਸਮਝੌਤਾ ਰੱਦ ਕਰ ਦਿੱਤਾ ਜਾਵੇਗਾ।
ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ਵਿੱਚ ਐੱਲਈਡੀ ਸਟਰੀਟ ਲਾਈਟ ਦਾ ਠੇਕਾ ਟਾਟਾ ਕੰਪਨੀ ਨੂੰ ਦਿੱਤਾ ਸੀ ਪਰ ਇੰਨੀ ਵੱਡੀ ਕੰਪਨੀ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਲਾਈਟਾਂ ਨਹੀਂ ਜਗ ਰਹੀਆਂ। ਸ਼ਹਿਰ ਵਿੱਚ ਬਹੁਤੇ ਇਲਾਕੇ ਹਨ੍ਹੇਰੇ ਵਿੱਚ ਡੁੱਬੇ ਰਹਿੰਦੇ ਹਨ, ਕਈ ਇਲਾਕਿਆਂ ਵਿੱਚ ਕਈ-ਕਈ ਦਿਨ ਸਟਰੀਟ ਲਾਈਟਾਂ ਠੀਕ ਨਹੀਂ ਹੁੰਦੀਆਂ। ਮੀਟਿੰਗ ਦੌਰਾਨ ਕੈਬਿਨੇਟ ਮੰਤਰੀ ਆਸ਼ੂ ਦੀ ਕੌਂਸਲਰ ਪਤਨੀ ਮਮਤਾ ਆਸ਼ੂ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਮੀਟਿੰਗ ਕਰ ਟਾਟਾ ਕੰਪਨੀ ਨੂੰ ਸੁਧਾਰ ਲਈ ਕਹਿ ਚੁੱਕੇ ਹਨ। ਹੁਣ ਸਿੱਧੇ ਤੌਰ ’ਤੇ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਆਉਣ ਵਾਲੇ 15 ਦਿਨਾਂ ਵਿੱਚ ਟਾਟਾ ਕੰਪਨੀ ਨੇ ਸੁਧਾਰ ਨਾ ਕੀਤਾ ਤਾਂ ਸਮਝੌਤਾ ਰੱਦ ਕਰ ਦਿੱਤਾ ਜਾਏਗਾ।
ਮੀਟਿੰਗ ਵਿੱਚ ਪੁੱਜੇ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਿੰਨੀਆਂ ਲਾਈਟਾਂ ਕਹੀਆਂ ਸੀ, ਉਨ੍ਹਾਂ ਲਗਾਈਆਂ ਹਨ, ਫਿਰ ਵੀ ਜੇ ਨਗਰ ਨਿਗਮ ਨੂੰ ਜਿੱਥੇ ਲੋੜ ਹੋਈ, ਉਹ ਉਸ ਨੂੰ ਪੂਰਾ ਕਰਨਗੇ। ਇਸ ਮੌਕੇ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਵਿਧਾਇਕ ਬੈਂਸ ਗਰੁੱਪ ਦੇ 2-2 ਕੌਂਸਲਰ ਮੌਜੂਦ ਸਨ।