ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 15 ਮਈ
ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਤਾਜਪੁਰ ਦੀ ਪੰਚਾਇਤ ਨੇ ਪਾਣੀ ਦੀ ਬੱਚਤ ਲਈ ਮੁਹਿੰਮ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਆਪਣੇ ਅਧੀਨ ਪੈਂਦੀ ਸਾਂਝੀ ਜ਼ਮੀਨ ਵਿੱਚ ਜ਼ਮੀਨਦੋਜ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ। ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਹੋਣ ਕਰ ਕੇ ਸਰਪੰਚ ਅਵਤਾਰ ਸਿੰਘ ਅਤੇ ਸਾਬਕਾ ਸਰਪੰਚ ਵਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਸਮੂਹ ਪੰਚਾਇਤ ਮੈਂਬਰਾਂ ਅਤੇ ਪਤਵੰਤਿਆਂ ਨੇ ਪਿੰਡ ਵਿੱਚ ਵੱਧ ਤੋਂ ਵੱਧ ਜ਼ਮੀਨਦੋਜ ਪਾਈਪਾਂ ਪਾਉਣ ਲਈ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਦੇ ਆਗੂਆਂ ਨੇ ਕਿਹਾ ਕਿ ਇਹ ਗੱਲ ਹੁਣ ਸਪੱਸ਼ਟ ਹੋ ਗਈ ਹੈ ਕਿ ਦਿਨੋਂ-ਦਿਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਪਾਣੀ ਦੀ ਖਪਤ ਨਾਜਾਇਜ਼ ਵਧ ਰਹੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੁੱਚੀ ਪੰਚਾਇਤ ਨੇ ਪਹਿਲਾਂ ਆਪਣੇ ਅਧਿਕਾਰ ਖੇਤਰ ਹੇਠ ਵਿੱਚ ਆਉਂਦੀ ਜ਼ਮੀਨ ਵਿੱਚ ਪਾਈਪਾਂ ਪਾਉਣ ਲਈ ਪੰਚਾਇਤੀ ਫੰਡ ’ਚੋਂ 1 ਲੱਖ 70 ਹਜ਼ਾਰ ਰੁਪਏ ਖਰਚ ਕਰਨ ਦਾ ਫ਼ੈਸਲਾ ਕੀਤਾ ਹੈ। ਪਾਈਪਾਂ ਪੈਣ ਤੋਂ ਬਾਅਦ ਪਹਿਲਾਂ ਹੁੰਦੀ ਪਾਣੀ ਦੀ ਬਰਬਾਦੀ ਹੁਣ ਨਹੀਂ ਹੋਵੇਗੀ। ਇਸ ਮੌਕੇ ਠਾਕੁਰਜੀਤ ਤਾਜਪੁਰੀ, ਬਲਵਿੰਦਰ ਕੌਰ, ਬਲਜੀਤ ਕੌਰ, ਸੁਖਵਿੰਦਰ ਸਿੰਘ (ਸਾਰੇ ਪੰਚ), ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਬਹਾਦਰ ਸਿੰਘ, ਗੁਰਮੀਤ ਸਿੰਘ ਝੱਲੀ, ਜੋਰਾ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਦਵਿੰਦਰ ਸਿੰਘ, ਬਲਦੇਵ ਸਿੰਘ, ਮਨਜਿੰਦਰ ਸਿੰਘ, ਬਿੰਦਰ ਝੱਲੀ, ਕੁਲਵੀਰ ਝੱਲੀ, ਬਿਕਰਮਜੀਤ ਸਿੰਘ, ਬਲਵੰਤ ਸਿੰਘ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।