ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਜੁਲਾਈ
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਲਿਬੜਾ ਵਾਸੀਆਂ ਦੇ ਸੱਦੇ ’ਤੇ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਦਾ ਜਾਇਜ਼ਾ ਲਿਆ। ਇਸ ਸਬੰਧੀ ਸ੍ਰੀ ਕੋਟਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਪਿੰਡ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਗ੍ਰਾਟਾਂ ਦੀ ਕੋਈ ਕਮੀ ਨਹੀਂ ਸੀ ਪਰ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਲਈ ਅਜੇ ਤੱਕ ਇੱਕ ਵੀ ਪੈਸਾ ਗ੍ਰਾਂਟ ਵਜੋਂ ਜਾਰੀ ਨਹੀਂ ਕੀਤਾ ਗਿਆ। ਅੱਜ ਦੇ ਹਾਲਾਤ ਲਈ ਪਿੰਡ ਦੀ ਪੰਚਾਇਤ ਵੀ ਬਰਾਬਰ ਜ਼ਿੰਮੇਵਾਰ ਹੈ ਜਿਸ ਨੇ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਕੀਤਾ। ਸ੍ਰੀ ਕੋਟਲੀ ਨੇ ਕਿਹਾ ਕਿ ਪ੍ਰਸ਼ਾਸਨ ਇਸ ਪਾਸੇ ਜਲਦ ਤੋਂ ਜਲਦ ਧਿਆਨ ਦੇ ਕੇ ਗੰਦੇ ਪਾਣੀ ਦੇ ਮਸਲੇ ਨੂੰ ਹੱਲ ਕਰੇ ਨਹੀਂ ਤਾਂ ਪਿੰਡ ਦੇ ਲੋਕਾਂ ਨਾਲ ਮਿਲ ਕੇ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸਿਤਾਰ ਮੁਹੰਮਦ ਲਿਬੜਾ ਨੇ ਕਿਹਾ ਕਿ ਪਿੰਡ ਦਾ ਸਮੁੱਚਾ ਤੇ ਨਿਰਪੱਖ ਵਿਕਾਸ ਕਰਵਾਉਣਾ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਕਮਲਜੀਤ ਸਿੰਘ ਲੱਧੜ, ਗੁਰਦੀਪ ਸਿੰਘ ਰਸੂਲੜਾ, ਹਰਜਿੰਦਰ ਸਿੰਘ ਇਕੋਲਾਹਾ, ਪਰਮਜੀਤ ਸਿੰਘ, ਬੂਟਾ ਸਿੰਘ, ਰਾਜਵੀਰ ਸਿੰਘ, ਡਾ. ਮੁਹੰਮਦ ਸ਼ਾਕਿਰ, ਸਫ਼ੀ ਮੁਹੰਮਦ, ਗੁਰਜਿੰਦਰ ਖਾਨ, ਅਕਬਰ ਖਾਨ, ਨਾਜਰ ਹੁਸੈਨ, ਸੁਲਤਾਨ ਮੁਹੰਮਦ, ਸੱਜਣ ਸਿੰਘ ਆਦਿ ਹਾਜ਼ਰ ਸਨ।