ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਸਤੰਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਦੋ ਦਿਨ ਪਏ ਭਾਰੇ ਮੀਂਹ ਕਾਰਨ ਸੜ੍ਹਕਾਂ ’ਤੇ ਖੜ੍ਹਾ ਪਾਣੀ ਤਾਂ ਭਾਵੇਂ ਨਿਕਲ ਗਿਆ ਹੈ ਪਰ ਅਫਸੋਸ ਸਥਾਨਕ ਗਿਆਸਪੁਰਾ ਦੇ ਮਿੰਨੀ ਰੋਜ਼ ਗਾਰਡਨ ਵਿੱਚ ਅੱਜ ਵੀ ਪਾਣੀ ਖੜ੍ਹਾ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਪਾਣੀ ਦੀ ਢੁਕਵੀਂ ਨਿਕਾਸੀ ਨਾ ਹੋਣ ਕਰਕੇ ਆਮ ਦਿਨਾਂ ਵਿੱਚ ਵੀ ਇੱਥੇ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਇੱਥੇ ਬਿਮਾਰੀ ਫ਼ੈਲਣ ਦਾ ਖ਼ਦਸ਼ਾ ਹੈ। ਦੂਜੇ ਪਾਸੇ ਨਗਰ ਨਿਗਮ ਦੇ ਸੁਪਰਡੈਂਟ ਇੰਜਨੀਅਰ ਰਵਿੰਦਰ ਗਰਗ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖਣਗੇ। ਨਗਰ ਨਿਗਮ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਨੇ ਲੋਕਾਂ ਦੀ ਸਹੂਲਤ ਲਈ ਆਪਣੇ ਇਲਾਕੇ ਵਿੱਚ ਮਿੰਨੀ ਰੋਜ਼ ਗਾਰਡਨ ਬਣਾਇਆ ਸੀ। ਉਨ੍ਹਾਂ ਨੇ ਇਸ ਦੀ ਚੰਗੀ ਸਾਂਭ-ਸੰਭਾਲ ਵੀ ਕੀਤੀ ਸੀ ਪਰ ਬਾਅਦ ਵਿੱਚ ਇਸ ਪਾਰਕ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਥੇ ਰਹਿੰਦਿਆਂ ਕਈ ਸਾਲ ਹੋ ਗਏ ਪਰ ਇਸ ਪਾਰਕ ਦੀ ਸੰਭਾਲ ਕਰਨ ਕੋਈ ਨਹੀਂ ਆਇਆ। ਇੱਥੋਂ ਦਾ ਸੀਵਰੇਜ ਵੀ ਖਰਾਬ ਰਹਿੰਦਾ ਹੈ ਜਿਸ ਕਰਕੇ ਆਮ ਦਿਨਾਂ ਵਿੱਚ ਵੀ ਪਾਣੀ ਦੀ ਨਿਕਾਸੀ ਦੀ ਮੁਸ਼ਕਲ ਆਉਂਦੀ ਹੈ। ਮੀਂਹ ਪੈ ਜਾਣ ਨਾਲ ਇਹ ਮੁਸੀਬਤ ਹੋਰ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪਿਛਲੇ ਦੋ ਦਿਨਾਂ ਤੋਂ ਇਸ ਪਾਰਕ ਵਿੱਚ ਪਾਣੀ ਜਮ੍ਹਾਂ ਹੋਇਆ ਪਿਆ ਹੈ। ਇਸ ਕਰਕੇ ਆਮ ਲੋਕਾਂ ਨੂੰ ਸੈਰ ਕਰਨ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਮੁਸ਼ਕਲ ਦਾ ਪੱਕਾ ਅਤੇ ਢੁਕਵਾਂ ਹੱਲ ਕੀਤਾ ਜਾਵੇ।