ਦੇਵਿੰਦਰ ਸਿੰਘ ਜੱਗੀ
ਪਾਇਲ, 25 ਮਈ
ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਵੱਲੋਂ ਲਗਾਏ ਮੋਰਚਿਆਂ ਦੇ ਸ਼ੁਰੂਆਤੀ ਦੌਰ ਤੋਂ ਹੀ ਸੰਤ ਦਰਸ਼ਨ ਸਿੰਘ ਖ਼ਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲੇ ਜਿੱਥੇ ਇਨ੍ਹਾਂ ਮੋਰਚਿਆਂ ਵਿੱਚ ਖੁਦ ਸ਼ਾਮਲ ਹੋ ਕੇ ਕਿਸਾਨੀ ਸੰਘਰਸ਼ ਦੀ ਡੱਟ ਕੇ ਹਮਾਇਤ ਕਰਦੇ ਆ ਰਹੇ ਹਨ, ਉਥੇ ਢੱਕੀ ਸਾਹਿਬ ਨਾਲ ਜੁੜੀਆਂ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਸੰਗਤਾਂ ਵੀ ਸੰਘਰਸ਼ ਵਿੱਚ ਸ਼ਾਮਲ ਹੋ ਰਹੀਆਂ ਹਨ। ਸੰਤ ਸੰਘਰਸ਼ੀ ਯੋਧਿਆਂ ਲਈ ਲੰਗਰਾਂ ਵਿੱਚ ਵੀ ਸੇਵਾਵਾਂ ਨਿਭਾਉਂਦੇ ਆ ਰਹੇ ਹਨ, ਇਸੇ ਤਰ੍ਹਾਂ ਸੰਤ ਦਰਸ਼ਨ ਸਿੰਘ ਵੱਲੋਂ ਟਿਕਰੀ ਬਾਰਡਰ ਦੇ ਮੋਰਚੇ ਵਿੱਚ ਡਟੇ ਕਿਸਾਨਾਂ ਲਈ ਇੱਕ ਟਰਾਲੀ ਪਾਣੀ ਦੀਆਂ ਬੋਤਲਾਂ ਦੀ ਭਰ ਕੇ ਰਵਾਨਾ ਕੀਤੀ ਗਈ ਹੈ। ਇਸ ਮੌਕੇ ਸੰਤ ਦਰਸ਼ਨ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਸੰਸਾਰ ਦਾ ਢਿੱਡ ਭਰਨ ਵਾਲਾ ਕਿਸਾਨ, ਜੋ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ, ਇਹ ਕਾਲੇ ਕਾਨੂੰਨ ਹੁਣ ਬਿਨਾਂ ਕਿਸੇ ਦੇਰੀ ਦੇ ਰੱਦ ਕਰਨੇ ਚਾਹੀਦੇ ਹਨ।