ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 29 ਜੁਲਾਈ
ਪਿੰਡ ਸ਼ਮਸ਼ਪੁਰ ਸਿੰਘਾਂ ਵਿੱਚ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਪਿੰਡ ਦੇ ਵਸਨੀਕਾਂ ਵੱਲੋਂ ਗੁਰਮੁੱਖ ਸਿੰਘ ਸ਼ਮਸ਼ਪੁਰ ਸਿੰਘਾਂ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਜਾਣਕਾਰੀ ਦਿੰਦਿਆਂ ਸ਼ਹੀਦ ਅਵਤਾਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਕੰਗ ਨੇ ਦੱਸਿਆ ਕਿ ਦਿੱਲੀ ’ਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਇਲਾਕੇ ਤੇ ਪਿੰਡ ਦੇ ਵਸਨੀਕਾਂ ਤੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਮੌਕੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਜੱਸ ਬਾਜਵਾ ਨੇ ਨੌਜਵਾਨਾਂ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਰਹਿਣਗੇ ਕਿਉਂਕਿ ਅਸੀਂ ਕਲਾਕਾਰ ਬਾਅਦ ’ਚ ਪਹਿਲਾਂ ਕਿਸਾਨ ਹਾਂ ਜਿਸ ਕਾਰਨ ਆਪਣੀ ਮੰਜ਼ਿਲ ਹਾਸਲ ਕਰਨ ਤੋਂ ਪਹਿਲਾਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਇਸ ਸਮਾਗਮ ਨੂੰ ਕਿਸਾਨ ਆਗੂ ਸਰਬਜੀਤ ਸਿੰਘ ਅਮਰਾਲਾ, ਬਹਾਦਰ ਸਿੰਘ ਰਾਣਵਾਂ, ਪਰਮਜੀਤ ਸਿੰਘ ਬੌਂਦਲੀ, ਗੁਰਮੁਖ ਸਿੰਘ ਸ਼ਮਸ਼ਪੁਰ ਸਿੰਘਾਂ, ਬਾਬਾ ਰਣਜੀਤ ਸਿੰਘ ਬਾਠਾ, ਕਰਨੈਲ ਸਿੰਘ ਜਟਾਣਾ ਆਦਿ ਨੇ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਜੁਝਾਰੂ ਯੋਧੇ ਗੁਰਮੁੱਖ ਸਿੰਘ ਧਰਮੀ ਫੌਜੀ ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਦਾ ਕਿਸਾਨੀ ਸੰਘਰਸ਼ ’ਚ ਵੱਡਾ ਯੋਗਦਾਨ ਹੈ।