ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਗਰਾਉਂ ਤੋਂ ਹਠੂਰ ਵੱਲ ਡੱਲਾ, ਮੱਲ੍ਹਾ ਅਤੇ ਚਕਰ ਰੋਡ (ਟੀ-01) ਨੂੰ ਅਪਗ੍ਰੇਡ ਕਰਨ ਲਈ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਅਪਗ੍ਰੇਡ ਅਤੇ ਰੱਖ-ਰਖਾਅ ਲਈ ਤੈਅ ਕੀਤੀ ਗਈ ਇਹ 24.58-ਕਿਲੋਮੀਟਰ ਸੜਕ ਕਈ ਪਿੰਡਾਂ ਦੇ ਵਸਨੀਕਾਂ ਲਈ ਲਾਹੇਵੰਦ ਹੋਵੇਗੀ ਤੇ ਲੋਕਾਂ ਦੀ ਯਾਤਰਾ ਨੂੰ ਆਸਾਨ ਕਰੇਗੀ। ਇਹ ਸੜਕ ਜੋ ਕਿ 18 ਫੁੱਟ ਚੌੜੀ ਹੋਵੇਗੀ ਤੇ 20.55 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ, ਜਿਸ ਦਾ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।
ਨੀਂਹ ਪੱਥਰ ਰੱਖਣ ਅਤੇ ਉਸਾਰੀ ਸ਼ੁਰੂ ਹੋਣ ਦੇ ਨਾਲ ਜਗਰਾਉਂ ਤੋਂ ਹਠੂਰ ਵੱਲ ਤੋਂ ਡੱਲਾ, ਮੱਲ੍ਹਾ ਅਤੇ ਚਕਰ ਤੱਕ ਅਪਗ੍ਰੇਡ ਕੀਤੀ ਸੜਕ ਇੱਕ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਤੌਰ ’ਤੇ ਕੰਮ ਕਰੇਗੀ। ਇਹ ਪ੍ਰਾਜੈਕਟ ਰਾਜਾ ਵੜਿੰਗ ਦੇ ਇੱਕ ਵਿਕਸਤ ਲੁਧਿਆਣਾ ਦੇ ਦ੍ਰਿਸ਼ਟੀਕੋਣ ਅਤੇ ਹਲਕੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਸਮਰਪਣ ਦਾ ਪ੍ਰਮਾਣ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਇਸ ਸੜਕ ਦਾ ਪ੍ਰਾਜੈਕਟ ਸਿਰਫ਼ ਇੱਕ ਸ਼ੁਰੂਆਤ ਹੈ, ਉਹ ਲੁਧਿਆਣਾ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਹ ਲੋਕਾਂ ਦੀ ਸੇਵਾ ਵਿੱਚ ਰਹਿਣਗੇ, ਕੋਈ ਵੀ ਰੁਕਾਵਟ ਇਸ ਹਲਕੇ ਦੀ ਤਰੱਕੀ ਨੂੰ ਰੋਕ ਨਹੀਂ ਸਕਦੀ। ਇਸ ਮੌਕੇ ਸ੍ਰੀ ਵੜਿੰਗ ਨੇ ਦੋਸ਼ ਲਾਇਆ ਕਿ ਕੇਂਦਰੀ ਸਕੀਮਾਂ ਅਧੀਨ ਹੋਰ ਸੜਕੀ ਪ੍ਰਾਜੈਕਟਾਂ ਵਿੱਚ ਹੋ ਰਹੀ ਦੇਰੀ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸਮੇਂ ਸਿਰ ਲੋੜੀਂਦੀ ਜ਼ਮੀਨ ਸੁਰੱਖਿਅਤ ਕਰਨ ਵਿੱਚ ਅਸਮਰੱਥਾ ਕਾਰਨ ਕਈ ਕੇਂਦਰੀ ਪ੍ਰਾਜੈਕਟ ਜਾਂ ਤਾਂ ਦੇਰੀ ਜਾਂ ਰੱਦ ਕਰ ਦਿੱਤੇ ਗਏ ਸਨ। ਆਮ ਆਦਮੀ ਪਾਰਟੀ ਦੀ ਅਯੋਗਤਾ ਕਾਰਨ ਕਈ ਕੇਂਦਰੀ ਪ੍ਰਾਜੈਕਟਾਂ ਨੂੰ ਰੱਦ ਕੀਤਾ ਗਿਆ ਹੈ। ਸਮਾਗਮ ਤੋਂ ਬਾਅਦ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਆਪਣੇ ਲੁਧਿਆਣਾ ਦਫ਼ਤਰ ਵਿੱਚ ਲੁਧਿਆਣਾ ਦੇ ਲੋਕਾਂ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਉਨ੍ਹਾਂ ਆਤਮ ਨਗਰ ਹਲਕੇ ਦਾ ਦੌਰਾ ਕੀਤਾ ਅਤੇ ਹੈਬੋਵਾਲ ਕਲਾਂ, ਦਰੇਸੀ ਗਰਾਊਂਡ ਅਤੇ ਜਨਕਪੁਰੀ ਸਮੇਤ ਸ਼ਹਿਰ ਦੇ ਕਈ ਪ੍ਰਮੁੱਖ ਸਥਾਨਾਂ ’ਤੇ ਗਣੇਸ਼ ਮਹਾਉਤਸਵ ਦੇ ਸਮਾਗਮਾਂ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਏਕਤਾ ਅਤੇ ਸੱਭਿਆਚਾਰਕ ਸਦਭਾਵਨਾ ਨੂੰ ਵਧਾਉਣ ਲਈ ਤਿਉਹਾਰਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।