ਗਗਨਦੀਪ ਅਰੋੜਾ
ਲੁਧਿਆਣਾ, 6 ਅਗਸਤ
ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਪਰਤੇ ਭਾਰਤੀ ਵੇਟਲਿਫਟਰ ਵਿਕਾਸ ਠਾਕੁਰ ਦਾ ਸਨਅਤੀ ਸ਼ਹਿਰ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੱਡਾ ਪ੍ਰਸ਼ੰਸਕ ਹੈ।
ਉਨ੍ਹਾਂ ਕਿਹਾ, ‘‘ਮੈਂ ਖੇਡਾਂ ਦੇ ਅਭਿਆਸ ਦੌਰਾਨ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਦਾ ਹਾਂ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਤਗ਼ਮਾ ਜਿੱਤਣ ਵਿੱਚ ਭਾਰਤ ਦੇ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਦੇ ਨਾਲ ਨਾਲ ਸੱਭ ਤੋਂ ਵੱਧ ਉਨ੍ਹਾਂ ਦੀ ਮਾਤਾ ਦੀ ਅਰਦਾਸ ਕੰਮ ਆਈ। ਉਨ੍ਹਾਂ ਕਿਹਾ ਕਿ ਜਿਸ ਦਿਨ ਉਸ ਨੇ ਤਗ਼ਮਾ ਜਿੱਤਿਆ ਸੀ, ਉਸੇ ਦਿਨ ਉਨ੍ਹਾਂ ਦੀ ਮਾਤਾ ਦਾ ਜਨਮ ਦਿਨ ਸੀ। ਇਸ ਲਈ ਇਹ ਤਗ਼ਮਾ ਮਾਂ ਲਈ ਸਭ ਤੋਂ ਵੱਡਾ ਤੋਹਫ਼ਾ ਹੈ।
ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਾਹਨੇਵਾਲ ਨੇੜੇ ਭਾਰਤੀ ਵੇਟਲਿਫਟਰ ਦਾ ਜ਼ੋਰਦਾਰ ਸਵਾਗਤ ਹੋਇਆ। ਘਰ ਪਰਤਦਿਆਂ ਰਸਤੇ ਵਿੱਚ ਲੋਕਾਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਤੋਂ ਬਾਅਦ ਉਸ ਨੇ ਓਪਨ ਜੀਪ ਰਾਹੀਂ ਗੇੜਾ ਦਿੱਤਾ। ਇਸ ਤੋਂ ਪਹਿਲਾਂ ਵਿਕਾਸ ਠਾਕੁਰ ਦਾ ਅੰਮ੍ਰਿਤਸਰ ਤੇ ਪਟਿਆਲਾ ਵਿੱਚ ਸਵਾਗਤ ਕੀਤਾ ਗਿਆ ਸੀ।
ਵਿਕਾਸ ਠਾਕੁਰ ਨੇ ਕਿਹਾ ਕਿ ਸਰਕਾਰ ਵੱਲੋਂ ਖਿਡਾਰੀਆਂ ਨੂੰ ਇਨਾਮ ਰਾਸ਼ੀ ਦਾ ਐਲਾਨ ਕੀਤਾ ਜਾ ਰਿਹਾ ਹੈ। ਇਨਾਮੀ ਰਾਸ਼ੀ ਖਿਡਾਰੀਆਂ ਦਾ ਇਹ ਹੱਕ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਅਪੀਲ ਕਰਨਗੇ ਕਿ ਪੰਜਾਬ ਦੇ ਜੋ ਖਿਡਾਰੀ ਇੰਡੀਅਨ ਨੇਵੀ, ਹਵਾਈ ਫੌਜ, ਆਰਮੀ ਤੇ ਰੇਲਵੇ ਵੱਲੋਂ ਖੇਡ ਰਹੇ ਹਨ, ਉਨ੍ਹਾਂ ਨੂੰ ਵੀ ਸੂਬੇ ਵਿੱਚ ਹੀ ਨੌਕਰੀ ਦਿੱਤੀ ਜਾਵੇ, ਕਿਉਂਕਿ ਉਹ ਪਰਿਵਾਰ ਕੋਲ ਰਹਿਣਾ ਚਾਹੁੰਦੇ ਹਨ।