ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਈ
74ਵੀਂ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਲੜਕੀਆਂ ਦੀ ਟੀਮ ਦਾ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਸਟੇਡੀਅਮ ਵਿੱਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਜਿੱਥੇ ਖਿਡਾਰੀਆਂ ਨਾਲ ਢੋਲ ਦੇ ਡੱਗੇ ’ਤੇ ਭੰਗੜਾ ਪਾਇਆ, ਉੱਥੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਬਾਸਕਟਬਾਲ ਚੈਂਪੀਅਨਸ਼ਿਪ 8 ਤੋਂ 14 ਮਈ ਤੱਕ ਇੰਦੌਰ ਵਿੱਚ ਹੋਈ ਸੀ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਖੇਡਣ ਦਾ ਮਾਣ ਹਾਸਲ ਕੀਤਾ।
ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੂੰ ਕਰਨਾਟਕਾ ਹੱਥੋਂ 51-71 ਅੰਕਾਂ ਦੇ ਫਰਕ ਨਾਲ ਹਾਰ ਝੱਲਦਿਆਂ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਦੌਰਾਨ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਟੀਮ ਵਿੱਚ ਆਂਚਲ ਤੋਂ ਇਲਾਵਾ ਕੋਮਲਪ੍ਰੀਤ ਕੌਰ, ਨਾਦਰ ਕੌਰ ਢਿੱਲੋਂ, ਚੰਦਾ ਗੌਤਮ, ਗਗਨਦੀਪ ਕੌਰ, ਸੁਨੈਨਾ ਸੈਣੀ, ਰੇਨੂਕਾ, ਕਰੇਨ ਮਲਹੋਤਰਾ, ਪਿੰਕੀ, ਸਾਨਿਆ, ਨਵਰੀਤ ਕੌਰ ਅਤੇ ਕ੍ਰਿਸ਼ਨਪ੍ਰੀਤ ਕੌਰ ਆਦਿ ਸ਼ਾਮਲ ਸਨ। ਜੇਤੂ ਟੀਮ ਨੂੰ 3 ਲੱਖ ਰੁਪਏ ਦਾ ਇਨਾਮ ਅਤੇ ਟਰਾਫੀ ਮਿਲੀ ਹੈ। ਕੋਮਲਪ੍ਰੀਤ ਕੌਰ ਨੂੰ ਵਧੀਆ ਖੇਡ ਖੇਡਣ ਲਈ ਇੱਕ ਲੱਖ ਰੁਪਏ ਇਨਾਮ ਵਜੋਂ ਮਿਲੇ। ਚਾਂਦੀ ਦਾ ਤਗ਼ਮਾ ਜੇਤੂ ਟੀਮ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਆਰ ਐੱਸ ਗਿੱਲ, ਪਰਮਿੰਦਰ ਸਿੰਘ, ਮੁਖਵਿੰਦਰ ਸਿੰਘ ਭੁੱਲਰ ਤੇ ਸੱਜਣ ਸਿੰਘ ਚੀਮਾ ਆਦਿ ਨੇ ਵਧਾਈ ਦਿੱਤੀ। ਇਸ ਮੌਕੇ ਵਿਜੇ ਚੋਪੜਾ, ਸੁਮੇਸ਼ ਚੱਢਾ, ਸੁਮੀਤ ਮਲਹੋਤਰਾ, ਸੁਖਬੀਰ ਧਾਲੀਵਾਲ, ਵੀਰਪਾਲ ਢਿੱਲੋਂ ਤੇ ਅਵਨੀਸ਼ ਅਗਰਵਾਲ ਹਾਜ਼ਰ ਸਨ।