ਰਾਮ ਗੋਪਾਲ ਰਾਏਕੋਟੀ
ਰਾੲਕੋਟ, 3 ਜਨਵਰੀ
ਸਥਾਨਕ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੀ ਰਾਏਕੋਟ ਆਮਦ ਦੇ ਸਬੰਧ ਵਿੱਚ ਐੱਸਜੀਪੀਸੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਦੇਖ-ਰੇਖ ਹੇਠ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇਣ ਉਪਰੰਤ ਨਗਰ ਕੀਰਤਨ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਤੋਂ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਦੀ ਦੇਖ-ਰੇਖ ਸ਼ੁਰੂ ਹੋਏ ਗੁਰਦੁਆਰਾ ਮੈਹਤਿਆਣਾ ਸਾਹਿਬ ਤੱਕ 25ਵੇਂ ਦਸਮੇਸ਼ ਅਲੌਕਿਕ ਪੈਦਲ ਮਾਰਚ ਦਾ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਪੁੱਜਣ ’ਤੇ ਮੈਨੇਜਰ ਕੰਵਲਜੀਤ ਸਿੰਘ ਅਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਗਰ ਕੀਰਤਨ ਸਜਾਏ ਗਏ। ਇਨ੍ਹਾਂ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਹਾਜ਼ਰੀ ਭਰੀ। ਵਿਧਾਇਕ ਬੈਂਸ ਨੂੰ ਗੁਰਦੁਆਰਾ ਦੁੱਖ ਭੰਜਨ ਸਾਹਿਬ ਕੁਆਲਿਟੀ ਰੋਡ ਸ਼ਿਮਲਾਪੁਰੀ, ਗੁਰਦੁਆਰਾ ਸਿੰਘ ਸਭਾ, ਗੁਰੂ ਗੋਬਿੰਦ ਸਿੰਘ ਨਗਰ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਮਾਨ ਨਗਰ ਡਾਬਾ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਟ ਕੀਤਾ ਗਿਆ। ਇਸ ਮੌਕੇ ਕੌਂਸਲਰ ਹਰਵਿੰਦਰ ਸਿੰਘ ਕਲੇਰ, ਪ੍ਰਧਾਨ ਬਲਦੇਵ ਸਿੰਘ, ਜਸਵਿੰਦਰ ਸਿੰਘ ਡਾਬਾ, ਮਨਿੰਦਰ ਸਿੰਘ ਮਨੀ ਆਦਿ ਵੀ ਹਾਜ਼ਰ ਸਨ।