ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਦਸੰਬਰ
ਇਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਬਰੂਹਾਂ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਰਹੇ ਕਿਸਾਨਾਂ ਦਾ ਅੱਜ ਇਥੇ ਪਰਤਣ ’ਤੇ ਭਰਵਾਂ ਸਵਾਗਤ ਹੋਇਆ। ਜਗਰਾਉਂ ਦੇ ਕਿਸਾਨ ਮੋਰਚੇ ਤੋਂ ਇਲਾਵਾ ਪਿੰਡ ਗਾਲਬਿ ਕਲਾਂ, ਅਗਵਾੜ ਲੋਪੋਂ, ਭੂੰਦੜੀ, ਕਾਉਂਕੇ ਕਲਾਂ, ਲੀਲਾਂ ਮੇਘ ਸਿੰਘ, ਚਕਰ ਆਦਿ ’ਚ ਦਿੱਲੀਓਂ ਆਏ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਫ਼ਲਿਆਂ ’ਚ ਪਹੁੰਚੇ ਇਨ੍ਹਾਂ ਕਿਸਾਨਾਂ ਦਾ ਹਾਰਾਂ ਤੇ ਫੁੱਲਾਂ ਨਾਲ ਸਵਾਗਤ ਹੋਇਆ। ਪਿੰਡ ਗਾਲਬਿ ਕਲਾਂ ’ਚ ਮਨਦੀਪ ਸਿੰਘ ਬਿੱਟੂ ਗਾਲਬਿ ਦੀ ਅਗਵਾਈ ’ਚ ਵਿਸ਼ੇਸ਼ ਸਮਾਗਮ ਕਰਵਾ ਕੇ ਸਨਮਾਨ ਕੀਤਾ ਗਿਆ। ਉਧਰ ਸਥਾਨਕ ਰੇਲਵੇ ਪਾਰਕ ਵਿਖੇ ਪਿਛਲੇ ਸਾਲ ਇਕ ਅਕਤੂਬਰ ਤੋਂ ਨਿਰੰਤਰ ਚੱਲ ਰਹੇ ਕਿਸਾਨ ਮੋਰਚੇ ’ਚ 15 ਦਸੰਬਰ ਨੂੰ ਵਿਸ਼ਾਲ ਜੇਤੂ ਸਨਮਾਨ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਗਿਆ।
ਖੰਨਾ(ਨਿੱਜੀ ਪੱਤਰ ਪ੍ਰੇਰਕ):ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਨਿਹੰਗ ਸਿੰਘਾਂ ਨੇ ਵੀ ਕਿਸਾਨ ਜਥੇਬੰਦੀਆਂ ਨਾਲ ਨਿਰੰਤਰ ਧਰਨਾ ਦਿੱਤਾ। ਅੱਜ 96ਵੇਂ ਕਰੋੜੀ ਨਿਹੰਗ ਸਿੰਘਾਂ ਦਾ ਜਥਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਦਿੱਲੀ ਤੋਂ ਆਉਂਦਿਆਂ ਜਦੋਂ ਖੰਨਾ ਪੁੱਜਾ ਤਾਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੇ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਸਾਰਿਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ 96ਵੇਂ ਕਰੋੜੀ ਨਿਹੰਗ ਮੁਖੀ ਜਥੇਦਾਰ ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀ ਇਹ ਇਤਿਹਾਸਕ ਜਿੱਤ ਹੈ ਜੋ ਪੂਰਨ ਸ਼ਾਂਤਮਈ ਢੰਗ ਨਾਲ ਹੋਈ ਹੈ ਅਤੇ ਸਮੇਂ ਦੀ ਸਰਕਾਰ ਨੂੰ ਝੁਕਣਾ ਪਿਆ ਹੈ।
ਪਾਇਲ(ਪੱਤਰ ਪ੍ਰੇਰਕ):ਇਥੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਮੋਰਚਾ ਫਤਿਹ ਕਰਕੇ ਪਿੰਡ ਰੌਣੀ ਦੇ ਲੰਬੜਦਾਰ ਨਰਪਿੰਦਰ ਸਿੰਘ ਦੀ ਅਗਵਾਈ ਵਿੱਚ ਵਾਪਸ ਆਏ ਜਥੇ ਦਾ ਪਿੰਡ ਫਤਹਿਪੁਰ ਢਾਬੇ ’ਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਰੌਣੀ, ਫਤਿਹਪੁਰ, ਪੰਜਰੁੱਖਾ, ਦੀਵਾ,ਮਲਕਪੁਰ, ਜਰਗ ਦੇ ਕਿਸਾਨਾਂ ਵੱਲੋਂ ਦਿੱਲੀ ਜਿੱਤ ਕੇ ਆਏ ਕਿਸਾਨ ਜਥੇ ਨੂੰ ਸਿਰੋਪਾਓ ਦਿੱਤੇ ਗਏ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ। ਸਿੰਘੂ ਬਾਰਡਰ ’ਤੇ ਕਿਸਾਨ ਮੋਰਚੇ ਵਿੱਚ 1 ਸਾਲ 15 ਦਿਨ ਲਗਾਤਾਰ ਲੰਗਰ ਦੀਆਂ ਸੇਵਾਵਾਂ ਨਿਭਾ ਕੇ ਪਿੰਡ ਆਏ ਲੰਬੜਦਾਰ ਨਰਪਿੰਦਰ ਸਿੰਘ ਰੌਣੀ ਦੀ ਸਰਾਹਨਾ ਕਰਨੀ ਬਣਦੀ ਹੈ ਜੋ ਕਿਰਸਾਨੀ ਹੱਕਾਂ ਲਈ ਮੋਰਚੇ ਵਿੱਚ ਡੱਟੇ ਰਹੇ। ਲੰਬੜਦਾਰ ਨਰਪਿੰਦਰ ਸਿੰਘ ਨੇ ਕਿਹਾ ਕਿ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਆਤਸਬਾਜ਼ੀ ਪਟਾਕੇ ਚਲਾਏ ਗਏ। ਇਸ ਮੌਕੇ ਰਾਜਿੰਦਰ ਸਿੰਘ ਲੱਖਾ ਰੌਣੀ, ਹਰਦੀਪ ਸਿੰਘ ਰੌਣੀ, ਜੱਥੇ ਬਲਵੰਤ ਸਿੰਘ, ਗੁਰਜੀਤ ਸਿੰਘ ਗਰੇਵਾਲ, ਪ੍ਰਧਾਨ ਸਤਵੀਰ ਸਿੰਘ, ਇਸਵਰਦੀਪ ਸਿੰਘ ਸਵੈਚ, ਨਵਦੀਪ ਸਿੰਘ ਗਰੇਵਾਲ, ਕੁਲਵੀਰ ਸਿੰਘ ਚੰਡੀਗੜੀਆਂ, ਸਰਪੰਚ ਤੇਜਿੰਦਰ ਸਿੰਘ ਪੰਜਰੁੱਖਾ, ਸਰਪੰਚ ਜਸਪ੍ਰੀਤ ਸਿੰਘ ਸੋਨੀ, ਸਾਬਕਾ ਥਾਣੇਦਾਰ ਗੁਰਮੀਤ ਸਿੰਘ ਵੀ ਹਾਜ਼ਰ ਸਨ।
ਚਕਰ ਵਿੱਚ ਦਿੱਲੀ ਤੋਂ ਪਰਤੀਆਂ ਬੀਬੀਆਂ ਨੇ ਕੱਢੀ ਜਾਗੋ
ਜਗਰਾਉਂ(ਚਰਨਜੀਤ ਸਿੰਘ ਢਿੱਲੋਂ): ਇਥੇ ਪਿੰਡ ਰਸੂਲਪੁਰ ’ਚ ਦਿੱਲੀ ਧਰਨੇ ਦੀ ਸਮਾਪਤੀ ਉਪਰੰਤ ਪੁੱਜੇ ਕਿਸਾਨਾਂ, ਮਜ਼ਦੂਰਾਂ ਦਾ ਨਗਰ ਪੰਚਾਇਤ, ਨਗਰ ਨਿਵਾਸੀਆਂ ਅਤੇ ਪਿੰਡ ਦੀ ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ। ਸਨਮਾਨ ਕਰਨ ਵਾਲੀਆਂ ਸ਼ਖ਼ਸੀਅਤਾਂ ’ਚ ਬਾਬਾ ਜਗਰਾਜ ਸਿੰਘ ਲੰਗਰਾ ਵਾਲੇ, ਬਾਬਾ ਕਮਲਜੀਤ ਸਿੰਘ ਸ਼ਾਸਤਰੀ ਵੇਦਾਂਤਾਚਾਰੀਆ, ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ, ਬਾਬਾ ਸਾਧੂ ਰਾਮ ਗਊਸ਼ਾਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ। ਖੁਸ਼ੀ ’ਚ ਖੀਵੇ ਹੋਏ ਪਿੰਡ ਵਾਸੀਆਂ ਨੇ ਸਨਮਾਨ ਕਰਨ ਉਪਰੰਤ ਲੱਡੂ ਵੰਡੇ ਅਤੇ ਅਕਾਸ਼ ਗੂਜ਼ਾਊ ਨਾਅਰੇ ਵੀ ਲਗਾਏ। ਸਾਬਕਾ ਸਰਪੰਚ ਜੋਗਿੰਦਰ ਸਿੰਘ, ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ, ਕੁਲਤਾਰਨ ਸਿੰਘ ਸਿੱਧੂ, ਅਕਾਲੀ ਆਗੂ ਅਮਰਜੀਤ ਸਿੰਘ, ਕੁਲਤਾਰ ਸਿੰਘ, ਗੁਰਮੀਤ ਸਿੰਘ, ਪਟਵਾਰੀ ਜਗਰਾਜ ਸਿੰਘ, ਨਿਰਮਲ ਸਿੰਘ ਨੇ ਕਿਸਾਨ ਮਜ਼ਦੂਰਾਂ ਦੇ ਸਿਦਕ ਅਤੇ ਸਬਰ ਦੀ ਸਰਾਹਨਾ ਕੀਤੀ। ਇਲਾਕੇ ਦੇ ਪਿੰਡ ਚਕਰ ’ਚ ਧਰਨੇ ਤੋਂ ਵਾਪਸ ਆਈਆਂ ਬੀਬੀਆਂ ਨੇ ਜਿੱਤ ਦੇ ਜਸ਼ਨ ਜਾਗੋ ਕੱਢ ਕੇ ਮਨਾਏ।
ਹਰਦੀਪ ਸਿੰਘ ਕੰਗ ਦਾ ਸਨਮਾਨ
ਸਮਰਾਲਾ(ਪੱਤਰ ਪ੍ਰੇਰਕ): ਇਥੇ ਕਿਸਾਨ ਅੰਦੋਲਨ ਤੋਂ ਪਰਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਪ੍ਰਧਾਨ ਸਮਰਾਲਾ ਹਰਦੀਪ ਸਿੰਘ ਕੰਗ ਦਾ ਪਿੰਡ ਭਰਥਲਾ ਵਿੱਚ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਹੋਇਆ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਖੇਤੀ ਕਾਨੂੰਨਾਂ ’ਤੇ ਜਿੱਤ ਸਮੁੱਚੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੀ ਇਕਜੁੱਟਤਾ ਦੇ ਕਾਰਨ ਹੀ ਸੰਭਵ ਹੋਈ ਹੈ ਅਤੇ ਕਿਸਾਨਾਂ ਦੀ ਇਹ ਜਿੱਤ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਰਜਿੰਦਰ ਸਿੰਘ ਕੰਗ ਨੇ ਕਿਸਾਨਾਂ ਦੇ ਦ੍ਰਿੜ ਇਰਾਦੇ ਨੂੰ ਸਲਾਮ ਕਰਦਿਆਂ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਏਕਤਾ ਨੇ ਤਾਨਾਸ਼ਾਹ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।
ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਧੰਨਵਾਦੀ ਟਰੈਕਟਰ ਮਾਰਚ
ਗੁਰੂਸਰ ਸੁਧਾਰ(ਪੱਤਰ ਪ੍ਰੇਰਕ): ਦੇਸ਼ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣੇ ਅਡਾਨੀ ਦੀ ਕਿਲ੍ਹਾ ਰਾਏਪੁਰ ਵਿਚ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਕਾਨੂੰਨ ਸਮੇਤ ਹੋਰ ਮੰਗਾਂ ਲਈ ਪੱਕੇ ਮੋਰਚੇ ਦੀ ਸਮਾਪਤੀ ਤੋਂ ਪਹਿਲਾਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਵੱਲੋਂ ਟਰੈਕਟਰਾਂ, ਕਾਰਾਂ, ਜੀਪਾਂ ਅਤੇ ਮੋਟਰਸਾਈਕਲਾਂ ’ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਫ਼ਤਿਹ ਅਤੇ ਧੰਨਵਾਦ ਮਾਰਚ ਕੀਤਾ। ਖ਼ੁਸ਼ਕ ਬੰਦਰਗਾਹ ਤੋਂ ਅਡਾਨੀਆਂ ਨੂੰ ਆਪਣੇ ਫੱਟੇ ਲਾਹੁਣ ਲਈ ਮਜਬੂਰ ਕਰਨ ਵਾਲੇ ਅੰਦੋਲਨਕਾਰੀਆਂ ਨੇ ਖ਼ੁਸ਼ਕ ਬੰਦਰਗਾਹ ਤੋਂ ਕਿਲ੍ਹਾ ਰਾਏਪੁਰ, ਸਾਇਆ, ਡੇਹਲੋਂ, ਰੰਗੀਆਂ, ਘੁੰਗਰਾਣਾ, ਜੜਤੌਲੀ, ਮਹਿਮਾ ਸਿੰਘਵਾਲਾ, ਲੋਹਗੜ੍ਹ, ਨਾਰੰਗਵਾਲ, ਬੱਲੋਵਾਲ, ਚਮਿੰਡਾ, ਗੁੱਜਰਵਾਲ, ਸਰਾਭਾ, ਢੈਪਈ, ਖੰਡੂਰ, ਜੋਧਾਂ ਹੁੰਦੇ ਹੋਏ ਦੇਰ ਸ਼ਾਮ ਪਿੰਡ ਆਸੀ ਕਲਾਂ ਵਿਚ ਸਮਾਪਤੀ ਕੀਤੀ। ਦਿੱਲੀ ਦੀਆਂ ਸਰਹੱਦਾਂ ਉੱਪਰ ਇਕ ਸਾਲ ਤੋਂ ਜ਼ਿਆਦਾ ਸਮਾਂ ਚੱਲੇ ਪੱਕੇ ਮੋਰਚੇ ਨੂੰ ਫ਼ਤਹਿ ਕਰ ਕੇ ਪਰਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਥਿਆਂ ਦਾ ਪਿੰਡਾਂ ਵਿੱਚ ਮਾਣ-ਸਨਮਾਨ ਅਤੇ ਸਵਾਗਤ ਜਾਰੀ ਹੈ। ਪਿੰਡ ਗੁੱਜਰਵਾਲ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਅੰਦੋਲਨਕਾਰੀ ਕਿਸਾਨਾਂ ਦਾ ਸਨਮਾਨ ਪੂਰੇ ਜੋਸ਼ੋ-ਖਰੋਸ਼ ਨਾਲ ਕੀਤਾ।