ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਦਸੰਬਰ
ਦਿੱਲੀ ਦੀਆਂ ਸਰਹੱਦਾਂ ’ਤੇ ਪੱਕੇ ਮੋਰਚੇ ਉੱਪਰ ਇਕ ਸਾਲ ਤੋਂ ਡਟੇ ਸੁਧਾਰ ਪਿੰਡ ਦੇ ਜਥੇ ਦਾ ਪਹਿਲਾਂ ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਟੌਲ ਪਲਾਜ਼ਾ ਉੱਪਰ ਸਵਾਗਤ ਕੀਤਾ ਗਿਆ ਅਤੇ ਬਾਅਦ ਵਿੱਚ ਪਿੰਡ ਦੀਆਂ ਵੱਡੀ ਗਿਣਤੀ ਔਰਤਾਂ, ਪਿੰਡ ਦੀ ਪੰਚਾਇਤ, ਸਹਿਕਾਰੀ ਸਭਾ, ਟੂਰਨਾਮੈਂਟ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੇਤ ਪਿੰਡ ਦੇ ਆਮ ਲੋਕਾਂ ਦੇ ਭਾਰੀ ਹਜੂਮ ਨੇ ਘੁਮਾਣ ਚੌਕ ਵਿੱਚ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਅਤੇ ਡੀਜੇ ਲਾ ਕੇ ਪਟਾਕੇ ਚਲਾਏ ਅਤੇ ਸਭ ਤੋਂ ਲੰਬਾ ਸਮਾਂ ਮੋਰਚੇ ਉੱਪਰ ਡਟੇ ਰਹਿਣ ਵਾਲੇ ਅੱਧੀ ਦਰਜਨ ਕਿਸਾਨਾਂ-ਮਜ਼ਦੂਰਾਂ ਦਾ ਤਮਗ਼ੇ ਗਲ਼ਾਂ ਵਿਚ ਪਾਕੇ ਸਵਾਗਤ ਕੀਤਾ ਗਿਆ।
ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਪਵਨਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਹਰਮੇਲ ਸਿੰਘ ਗਿੱਲ, ਚਰਨਜੀਤ ਸਿੰਘ ਗਿੱਲ, ਪ੍ਰਿੰਸੀਪਲ ਜਗਜੀਤ ਸਿੰਘ ਬਰਾੜ ਸਮੇਤ ਹੋਰ ਅਨੇਕਾਂ ਕਿਸਾਨ ਆਗੂਆਂ ਨੇ ਸਵਾਗਤ ਕੀਤਾ। ਸਭ ਤੋਂ ਲੰਬਾ ਸਮਾਂ ਮੋਰਚੇ ਉੱਪਰ ਟਰੈਕਟਰਾਂ ਸਮੇਤ ਰਹੇ ਕਿਸਾਨ ਜਗਤਾਰ ਸਿੰਘ ਭੋਲੂ ਅਤੇ ਚਰਨ ਸਿੰਘ ਗਿੱਲ ਤੋਂ ਇਲਾਵਾ ਸਭ ਤੋਂ ਵੱਧ ਸਮਾਂ ਮੋਰਚੇ ਵਿੱਚ ਡਟੇ ਰਹੇ ਹਰਬੰਸ ਸਿੰਘ ਬੰਸੀ, ਵਜ਼ੀਰ ਸਿੰਘ, ਕਾਕਾ ਸਿੰਘ ਅਤੇ ਗੁਰਦੇਵ ਸਿੰਘ ਦਾ ਤਗਮੇ ਪਾ ਕੇ ਸਵਾਗਤ ਕੀਤਾ ਗਿਆ, ਜਦਕਿ ਬਾਕੀ ਅੰਦੋਲਨਕਾਰੀਆਂ ਨੂੰ ਵੀ ਹਾਰਾਂ ਨਾਲ ਲੱਦ ਦਿੱਤਾ ਗਿਆ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਇਥੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਮਾਸਟਰ ਸਿਕੰਦਰ ਸਿੰਘ ਜੜਤੌਲੀ ਦੀ ਅਗਵਾਈ ਵਿੱਚ ਸਥਾਨਕ ਦਾਣਾ ਮੰਡੀ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਭਾ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਲਤਾਲਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਪੂਰੇ ਮੋਰਚੇ ਦੌਰਾਨ ਆਪਣੀ ਜਥੇਬੰਦੀ ਦੇ ਕਾਰਕੁਨਾਂ ਦੀ ਅਗਵਾਈ ਕੀਤੀ। ਸਨਮਾਨ ਤੋਂ ਬਾਅਦ ਮੇਨ ਬਾਜ਼ਾਰ, ਰੇਲਵੇ ਰੋਡ, ਗੁਰੂ ਤੇਗ ਬਹਾਦਰ ਚੌਕ, ਭਗਤ ਸਿੰਘ ਚੌਕ, ਗਾਂਧੀ ਚੌਕ ਅਤੇ ਬਜਰੰਗ ਅਖਾੜਾ ਰੋਡ ਤੋਂ ਜੇਤੂ ਮਾਰਚ ਕੱਢਿਆ ਗਿਆ।
ਰਾਏਕੋਟ(ਰਾਮ ਗੋਪਾਲ ਰਾਏਕੋਟੀ): ਇਥੇ ਦਿੱਲੀ ਤੋਂ ਵਾਪਿਸ ਪਰਤੇ ਕਿਸਾਨਾਂ ਦਾ ਰਾਏਕੋਟ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਰਾਏਕੋਟ ਦੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੀ ਅਗਵਾਈ ਕਿਸਾਨਾਂ ਦਾ ਜੱਥਾ ਰਾਏਕੋਟ ਵਿੱਚ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸੇ ਤਰ੍ਹਾਂ ਇਥੇ ਸੰਯੁਕਤ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਹੱਦਾਂ ’ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਮੋਰਚਾ ਜਿੱਤ ਕੇ ਰਾਏਕੋਟ-ਬੱਸੀਆਂ ਵਾਪਸ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ।
ਪਾਇਲ (ਦੇਵਿੰਦਰ ਸਿੰਘ ਜੱਗੀ ): ਇਥੇ ਅੱਜ ਪਿੰਡ ਘੁਡਾਣੀ ਕਲਾਂ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਸਭ ਤੋਂ ਲੰਬਾ ਸਮਾਂ ਚੱਲੇ ਸ਼ੰਘਰਸ਼ ’ਚ ਬੈਠਣ ਵਾਲੇ ਨੌਜਵਾਨ ਯੁਵਰਾਜ ਸਿੰਘ ਘੁਡਾਣੀ ਤੇ ਹੋਰ ਕਿਸਾਨਾਂ ਦਾ ਸਨਮਾਨ ਪੂਰੇ ਜੋਸ਼ੋ ਖਰੋਸ਼ ਨਾਲ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ, ਜਾਗਰ ਸਿੰਘ, ਸੁਖਵੀਰ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ, ਪਰਮਿੰਦਰ ਸਿੰਘ ਪੱਪਾ, ਬਲਦੇਵ ਸਿੰਘ,ਸ਼ਿੰਦਰ ਸਿੰਘ ,ਜੀਵਨ ਸਿੰਘ , ਦਲਜੀਤ ਸਿੰਘ,ਗੁਲਜ਼ਾਰ ਸਿੰਘ, ਗੁਰੀ, ਕੁਲਦੀਪ ਸਿੰਘ ,ਬਿੱਟੂ, ਪਰਮਜੀਤ ਸਿੰਘ, ਪਰਗਟ ਸਿੰਘ, ਗੁਰਪ੍ਰੀਤ ਸਿੰਘ, ਗੁਰਕੀਰਤ ਸਿੰਘ, ਦਰਸ਼ਨ ਸਿੰਘ ਬਾਬਾ, ਮੋਹਨ ਸਿੰਘ ਫੌਜੀ, ਨਾਜਰ ਸਿੰਘ, ਨਿਰਮਲ ਸਿੰਘ ਦਾ ਸਨਮਾਨ ਕੀਤਾ ਗਿਆ ਹੈ।
ਜਨਤਕ ਜਥੇਬੰਦੀਆਂ ਵੱਲੋਂ ਕਿਸਾਨ ਯੂਨੀਅਨ (ਲੱਖੋਵਾਲ) ਦਾ ਸਨਮਾਨ
ਸਮਰਾਲਾ (ਡੀਪੀ ਐੱਸ ਬੱਤਰਾ): ਜਿੱਤ ਕੇ ਵਾਪਸ ਆਏ ਕਿਸਾਨ ਕਾਫ਼ਲੇ ਦਾ ਸਵਾਗਤ ਇਨਡੋਰ ਸ਼ਿਕਾਇਤ ਘਰ ਦੇ ਸਾਹਮਣੇ ਕੀਤਾ ਗਿਆ, ਜਿੱਥੇ ਸਮਰਾਲੇ ਦੀਆਂ ਜਨਤਕ ਜਥੇਬੰਦੀਆਂ ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ ਮੰਡਲ ਸਮਰਾਲਾ, ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿਸਟਰਡ ਮੰਡਲ ਸਮਰਾਲਾ, ਲੋਕ ਸੰਘਰਸ਼ ਕਮੇਟੀ ਸਮਰਾਲਾ, ਮਜ਼ਦੂਰ ਯੂਨੀਅਨ ਇਲਾਕਾ ਸਮਰਾਲਾ ਅਤੇ ਬੀਕੇਯੂ ਉਗਰਾਹਾਂ ਬਲਾਕ ਮਾਂਗਟ ਤੇ ਬਲਾਕ ਮਾਛੀਵਾੜਾ ਵੱਲੋਂ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਸੰਗਤ ਸਿੰਘ ਸੇਖੋਂ ਨੇ ਨਿਭਾਈ। ਕਾਫ਼ਲੇ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਲੰਗਰ ਲਗਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਵੱਲੋਂ ਢੋਲ ਦੇ ਡੱਕੇ ’ਤੇ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੀਤਾ ਗਿਆ। ਇਸ ਦੌਰਾਨ ਬਲਾਕ ਪ੍ਰਧਾਨ ਹਰਦੀਪ ਸਿੰਘ ਕੰਗ ਭਰਥਲਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ
ਹਰਮੀਤ ਸਿੰਘ ਕਾਦੀਆਂ ਤੇ ਮਨਜੀਤ ਸਿੰਘ ਰਾਏ ਦਾ ਸਨਮਾਨ
ਲੁਧਿਆਣਾ (ਗੁਰਿੰਦਰ ਸਿੰਘ): ਇਥੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵੱਲੋਂ ਸਿੰਘੂ ਬਾਰਡਰ ਤੋਂ ਸ਼ੁਰੂ ਹੋਏ ਫ਼ਤਿਹ ਮਾਰਚ ਦਾ ਜਲੰਧਰ ਬਾਈਪਾਸ ’ਤੇ ਭਰਵਾਂ ਸਵਾਗਤ ਕੀਤਾ ਗਿਆ। ਲੋਕ ਇਨਸਾਫ਼ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਉੱਤਰੀ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਦੀ ਅਗਵਾਈ ਹੇਠ ਵਰਕਰਾਂ ਨੇ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਮਨਜੀਤ ਸਿੰਘ ਰਾਏ ਸਮੇਤ ਹੋਰ ਵਰਕਰਾਂ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ।