ਗਗਨਦੀਪ ਅਰੋੜਾ
ਲੁਧਿਆਣਾ, 31 ਮਾਰਚ
ਸੂਬੇ ਵਿੱਚ ਸ਼ੁੱਕਰਵਾਰ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ। ਅਧਿਕਾਰੀਆਂ ਮੁਤਾਬਕ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਕਣਕ ਦੀ ਖਰੀਦ ਦੇ ਪ੍ਰਬੰਧ ਪੂਰੇ ਕਰ ਲਏ ਹਨ ਪਰ ਜ਼ਮੀਨੀ ਪੱਧਰ ’ਤੇ ਜੇਕਰ ਮੰਡੀਆਂ ਦੀ ਗੱਲ ਕਰੀਏ ਤਾਂ ਉੱਥੇ ਹਾਲੇ ਪ੍ਰਬੰਧ ਅਧੂਰੇ ਹਨ। ਸ਼ਹਿਰੀ ਦੀਆਂ ਮੰਡੀਆਂ ਵਿੱਚ ਹਾਲੇ ਗੰਦਗੀ ਦਾ ਆਲਮ ਹੈ, ਸ਼ੈਡਾਂ ਵਿੱਚ ਟਰੱਕ ਖੜ੍ਹੇ ਹੋਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ’ਚ 109 ਖਰੀਦ ਕੇਂਦਰ ਬਣਾਏ ਗਏ ਹਨ। ਲੁਧਿਆਣਾ ਦੀ ਸਭ ਤੋਂ ਵੱਡੀ ਮੰਡੀ ਸਲੇਮ ਟਾਬਰੀ ਨੇੜੇ ਦਾਣਾ ਮੰਡੀ ਤੇ ਅਰੋੜਾ ਪੈਲੇਸ ਨੇੜੇ ਮੰਡੀ ’ਚ ਵੱਡੀ ਪੱਧਰ ’ਤੇ ਕਣਕ ਦੀ ਖਰੀਦ ਕੀਤੀ ਜਾਂਦੀ ਹੈ। ਇਨ੍ਹਾਂ ਦੋਹਾਂ ਹੀ ਮੰਡੀਆਂ ’ਚ ਸੁੰਨ ਪਸਰੀ ਦੇਖੀ ਗਈ। ਮੰਡੀ ਦੇ ਸ਼ੈੱਡ ’ਚ ਟਰੱਕ ਖੜ੍ਹੇ ਦਿਖਾਈ ਦਿੱਤੇ ਅਤੇ ਹੋਰ ਲੋਕ ਬੈਠੇ ਦੇਖੇ ਗਏ। ਇੱਥੇ ਵੀ ਅਧਿਕਾਰੀ ਨਹੀਂ ਸਨ। ਹਾਲੇ ਪੀਣ ਦੇ ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਦਿਖਾਈ ਦਿੱਤਾ। ਨਾ ਹੀ ਕਿਸਾਨਾਂ ਦੇ ਬੈਠਣ ਲਈ ਬੈਂਚ ਸਨ ਤੇ ਨਾ ਹੀ ਕੁਰਸੀਆਂ ਦਾ ਪ੍ਰਬੰਧ ਸੀ। ਮੰਡੀ ਦੇ ਆਸਪਾਸ ਸਾਫ਼ ਸਫ਼ਾਈ ਵੀ ਨਹੀਂ ਸੀ। ਇੱਥੋਂ ਤੱਕ ਕਿ ਬਾਰਦਾਨਾ ਵੀ ਕਿਤੇ ਪਹਿਲਾਂ ਤੋਂ ਰੱਖਿਆ ਹੋਇਆ ਨਜ਼ਰ ਨਹੀਂ ਆਇਆ। ਫਿਲਹਾਲ ਮੰਡੀ ’ਚ ਕੋਈ ਖਾਮੀਆਂ ਨਜ਼ਰ ਆਈਆਂ, ਪਰ ਕਮੀਆਂ ਨੂੰ ਅਧਿਕਾਰੀਆਂ ਵੱਲੋਂ ਜਲਦੀ ਹੀ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਣਕ ਦੀ ਖਰੀਦ ਲਈ ਸੈਂਟਰ ਨੂੰ ਨੋਟੀਫਾਈ ਵੀ ਕਰ ਲਿਆ ਗਿਆ ਹੈ ਅਤੇ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਉਹ ਸਭ ਤੋਂ ਪਹਿਲਾ ਜ਼ਰੂਰੀ ਕੰਮ ਸੀ। ਅਧਿਕਾਰੀਆਂ ਅਨੁਸਾਰ ਹਾਲੇ ਕਣਕ ਦੀ ਫਸਲ ਪੱਕਣ ’ਚ ਕੁਝ ਸਮਾਂ ਰਹਿ ਗਿਆ ਹੈ, ਜਿਵੇਂ ਹੀ ਫਸਲ ਤਿਆਰ ਹੋ ਜਾਵੇਗੀ ਕਿਸਾਨ ਫਸਲ ਕੱਟ ਕੇ ਮੰਡੀਆਂ ’ਚ ਲਿਆਉਣਗੇ ਅਤੇ ਖਰੀਦ ਸ਼ੁਰੂ ਹੋ ਜਾਵੇਗੀ।
ਪਿਛਲੇ ਸਾਲ ਲੁਧਿਆਣਾ ਜ਼ਿਲ੍ਹੇ ’ਚੋਂ 9 ਲੱਖ 24000 ਖਰੀਦ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਇਸ ਵਾਰ ਵੀ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ-ਵੱਖ ਏਜੰਸੀਆਂ ਕਣਕ ਦੀ ਖਰੀਦ ਕਰਨਗੀਆਂ। ਅਧਿਕਾਰੀਆਂ ਅਨੁਸਾਰ ਉਮੀਦ ਹੈ ਕਿ ਇਸ ਵਾਰ 9.25 ਲੱਖ ਕਣਕ ਦੀ ਆਮਦ ਹੋਵੇਗੀ ਜੋ ਕਿ ਪਿਛਲੇ ਟੀਚੇ ਨੂੰ ਵੀ ਪਾਰ ਕਰ ਦੇਵੇਗੀ। ਏਜੰਸੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਅਪਣਾਈ ਜਾਵੇਗੀ।
ਕੀ ਕਹਿੰਦੇ ਨੇ ਅਧਿਕਾਰੀ
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਹਰਵੀਨ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਣਕ ਦੀ ਖਰੀਦ ਲਈ ਤਿਆਰੀਆਂ ਸ਼ੁਰੂ ਕਰ ਲਈਆਂ ਗਈਆਂ ਹਨ। ਹਾਲਾਂਕਿ, ਇਸ ਵੇਲੇ ਕਣਕ ਦੀ ਆਮਦ ਸ਼ੁਰੂ ਨਹੀਂ ਹੋ ਪਾਈ ਹੈ, ਇਸ ਲਈ ਜਿਵੇਂ ਹੀ ਕਣਕ ਦੀ ਆਮਦ ਹੋਵੇਗੀ, ਖਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। 109 ਸੈਂਟਰਾਂ ’ਤੇ ਨੌਂ ਆਰਜ਼ੀ ਯਾਰਡ ਬਣਾਏ ਗਏ ਹਨ।