ਸਤਵਿੰਦਰ ਬਸਰਾ
ਲੁਧਿਆਣਾ, 2 ਜੁਲਾਈ
ਇੱਥੋਂ ਦੇ ਜਲੰਧਰ ਬਾਈਪਾਸ ਨੇੜੇ ਪੈਂਦੀ ਸੂਬੇ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਗੰਦਗੀ ਕਾਰਨ ਲੋਕਾਂ ਨੂੰ ਬਿਮਾਰੀਆਂ ਵੰਡ ਰਹੀ ਹੈ। ਬਰਸਾਤੀ ਮੌਸਮ ਹੋਣ ਕਰਕੇ ਥਾਂ-ਥਾਂ ਖਿਲਰੀ ਪਈ ਸਬਜ਼ੀਆਂ ਦੀ ਰਹਿੰਦ-ਖੂੰਹਦ ਸੜਾਂਦ ਮਾਰ ਰਹੀ ਹੈ। ਮੰਡੀ ਅਫਸਰ ਵੱਲੋਂ ਠੇਕੇਦਾਰ ਨੂੰ ਪਹਿਲਾਂ ਵੀ ਨੋਟਿਸ ਦਿੱਤਾ ਜਾ ਚੁੱਕਾ ਹੈ। ਸੂਬੇ ਦੀ ਸਭ ਤੋਂ ਵੱਡੀ ਉਕਤ ਸਬਜ਼ੀ ਮੰਡੀ ਵਿੱਚ ਰੋਜ਼ਾਨਾ ਸਿਰਫ ਆਸ-ਪਾਸ ਦੇ ਸ਼ਹਿਰਾਂ ਤੋਂ ਹੀ ਨਹੀਂ ਸਗੋਂ ਕਈ ਹੋਰ ਸੂਬਿਆਂ ਤੋਂ ਵੀ ਕਿਸਾਨ ਸਬਜ਼ੀਆਂ ਅਤੇ ਫਲ ਲੈ ਕੇ ਆਉਂਦੇ ਹਨ। ਰੋਜ਼ਾਨਾ ਕਰੋੜਾਂ ਰੁਪਏ ਦਾ ਸਬਜ਼ੀ ਅਤੇ ਫਲਾਂ ਦਾ ਵਪਾਰ ਹੁੰਦਾ ਹੈ। ਜਿੰਨੀ ਵੱਡੀ ਇਹ ਸਬਜ਼ੀ ਮੰਡੀ ਹੈ ਉੰਨੀ ਹੀ ਇੱਥੇ ਗੰਦਗੀ ਵੀ ਵੱਧ ਫੈਲ ਰਹੀ ਹੈ। ਰੋਜ਼ਾਨਾ ਹਜ਼ਾਰਾਂ ਟਨ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ ਜੋ ਬਰਸਾਤੀ ਮੌਸਮ ਕਰ ਕੇ ਹੋਰ ਵੀ ਵਧ ਗਈਆਂ ਹਨ। ਅਜਿਹੀ ਰਹਿੰਦ-ਖੂੰਹਦ ਅਤੇ ਹੋਰ ਕੂੜੇ ਨੂੰ ਚੁੱਕਣ ਲਈ ਠੇਕੇਦਾਰ ਨੂੰ ਠੇਕਾ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਅੱਜਕਲ੍ਹ ਇਸ ਸਬਜ਼ੀ ਮੰਡੀ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਦੇਖੇ ਜਾ ਸਕਦੇ ਹਨ। ਬਰਸਾਤੀ ਮੌਸਮ ਕਰ ਕੇ ਹੁਣ ਗੰਦਗੀ ਦੇ ਢੇਰਾਂ ਕੋਲੋਂ ਸੜਾਂਦ ਆਉਂਦੀ ਹੈ ਕਿ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਗੰਦਗੀ ਕਾਰਨ ਕਈ ਤਰ੍ਹਾਂ ਦੇ ਕੀੜੇ ਮਕੌੜੇ ਪੈਦਾ ਹੋ ਰਹੇ ਹਨ ਜੋ ਸਟੋਰ ਅਤੇ ਵੇਚਣ ਲਈ ਰੱਖੀਆਂ ਸਾਫ ਸਬਜ਼ੀਆਂ ਨੂੰ ਵੀ ਨੁਕਸਾਨ ਕਰ ਰਹੇ ਹਨ। ਇਹੋ ਸਬਜ਼ੀਆਂ ਲੋਕਾਂ ਦੇ ਘਰਾਂ ਵਿੱਚ ਪਹੁੰਚ ਕਿ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਠੇਕੇਦਾਰ ਵੱਲੋਂ ਕੂੜਾ ਚੁੱਕਣ ਵਿੱਚ ਕੀਤੀ ਜਾਂਦੀ ਇੱਕ ਦਿਨ ਦੀ ਦੇਰੀ ਕਾਰਨ ਕਈ ਟਨ ਨਵਾਂ ਕੂੜਾ ਹੋਰ ਇਕੱਠਾ ਹੋ ਰਿਹਾ ਹੈ। ਇਸ ਕੂੜੇ ਨੂੰ ਪ੍ਰੋਸੈਸ ਕਰਨ ਲਈ ਮੰਡੀ ਵਿੱਚ ਹੀ ਇੱਕ ਪ੍ਰਾਜੈਕਟ ਬਣਾਉਣ ਦੀ ਵੀ ਪਲਾਨਿੰਗ ਕੀਤੀ ਜਾ ਰਹੀ ਹੈ ਪਰ ਫਿਲਹਾਲ ਇਹ ਪ੍ਰਾਜੈਕਟ ਠੰਢੇ ਬਸਤੇ ਵਿੱਚ ਹੀ ਪਿਆ ਲੱਗ ਰਿਹਾ ਹੈ।
ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ: ਮੰਡੀ ਅਫਸਰ
ਮੰਡੀ ਅਫਸਰ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਚਾਰਜ ਸੰਭਾਲਿਆ ਹੈ। ਉਨ੍ਹਾਂ ਮੰਨਿਆ ਕਿ ਮੰਡੀ ਵਿੱਚ ਗੰਦਗੀ ਦੇਖ ਕੇ ਠੇਕੇਦਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਜੇਕਰ ਹਾਲਾਂ ਵੀ ਮੰਡੀ ਵਿੱਚ ਗੰਦਗੀ ਪਈ ਹੋਈ ਹੈ ਤਾਂ ਉਹ ਸੋਮਵਾਰ ਨੂੰ ਦੁਬਾਰਾ ਠੇਕੇਦਾਰ ਨਾਲ ਗੱਲ ਕਰਨਗੇ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਮੰਡੀ ਵਿੱਚੋਂ ਗੰਦਗੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ।