ਦੇਵਿੰਦਰ ਸਿੰਘ ਜੱਗੀ
ਪਾਇਲ, 27 ਮਈ
ਨੇੜਲੇ ਪਿੰਡ ਘੁਡਾਣੀ ਕਲਾਂ ਦੀ ਇੱਕ ਵਿਧਵਾ ਆਪਣਾ ਜ਼ਮੀਨੀ ਮਾਲਕੀ ਹੱਕ ਲੈਣ ਲਈ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਦਫ਼ਤਰਾਂ ਵਿੱਚ ਖੱਜਲ-ਖ਼ੁਆਰ ਹੋ ਰਹੀ ਹੈ, ਪਰ ਇਨਸਾਫ਼ ਨਹੀਂ ਮਿਲ ਰਿਹਾ। ਵਿਧਵਾ ਕੁਲਵਿੰਦਰ ਕੌਰ ਪਤਨੀ ਮਨਿੰਦਰ ਸਿੰਘ ਵਾਸੀ ਘੁਡਾਣੀ ਕਲਾਂ ਨੇ ਦੱਸਿਆ ਕਿ ਉਹ ਆਪਣੇ ਨਾਬਾਲਗ ਪੁੱਤਰ ਦੇ ਜ਼ਮੀਨੀ ਮਾਲਕੀ ਹੱਕ ਲੈਣ ਲਈ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਦਫ਼ਤਰਾਂ ਵਿੱਚ ਧੱਕੇ ਖਾ ਰਹੀ ਹਾਂ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਮਗਰੋਂ ਉਸ ਦੀ ਜ਼ਮੀਨ ਅੱਠ ਵਿੱਘੇ ਦਸ ਵਿਸਵੇ ਦਾ ਵਿਰਾਸਤੀ ਇੰਤਕਾਲ ਉਨ੍ਹਾਂ ਦੋਵਾਂ ਦੇ ਨਾਂ ਹੋ ਚੁੱਕਾ ਹੈ, ਜਦੋਂ ਕਿ ਉਸਦੀ ਨਣਦ ਹਰਿੰਦਰ ਕੌਰ ਬਰਾਬਰ ਦੀ ਹੱਕਦਾਰ ਹੈ, ਪਰ ਉਹ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਪਲਾਟ ਕੱਟ ਕੇ ਵੇਚ ਰਹੀ ਹੈ। ਉਸਨੂੰ ਆਪਣੇ ਹਿੱਸੇ ਦੀ ਜ਼ਮੀਨ ਵੇਚਣ ਵਿੱਚ ਹਰਿੰਦਰ ਕੌਰ ਪੁਲੀਸ ਦੀ ਸ਼ਹਿ ’ਤੇ ਅੜਿੱਕੇ ਡਾਹ ਰਹੀ ਹੈ। ਇਸ ਸਬੰਧੀ ਉਸਨੇ ਐੱਸਐਚੳ ਪਾਇਲ, ਡੀਐੱਸਪੀ ਪਾਇਲ, ਐੱਸਐਸਪੀ ਖੰਨਾ, ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਂਝੀ ਜ਼ਮੀਨ ਹੈ, ਪਰ ਹਰਿੰਦਰ ਕੌਰ ਨੇ ਪੁਲੀਸ ਦੀ ਹਾਜ਼ਰੀ ਵਿੱਚ ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕੀਤਾ ਅਤੇ ਮੋਟਰ ਦੇ ਕੋਠੇ ਦੇ ਜਿੰਦਰੇ ਤੋੜ ਕੇ ਆਪਣਾ ਤਾਲਾ ਲਗਾ ਦਿੱਤਾ। ਉਨ੍ਹਾਂ ਕੰਧਾਂ ਕਰਵਾਉਣ ਸਮੇਂ ਦੀਆਂ ਪੁਲੀਸ ਦੀਆਂ ਫੋਟੋਆਂ ਵੀ ਪੱਤਰਕਾਰਾਂ ਨੂੰ ਦਿੱਤੀਆਂ। ਜਦੋਂ ਇਸ ਸਬੰਧੀ ਹਰਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ’ਤੇ ਲਾਏ ਦੋਸ਼ ਬੇਬੁਨਿਆਦ ਹਨ, ਸਚਾਈ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਜਾਵੇਗੀ।
ਜਦੋਂ ਇਸ ਸਬੰਧੀ ਥਾਣਾ ਪਾਇਲ ਦੇ ਐੱਸਐੱਚਓ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਕਬਜ਼ਾ ਕਰਵਾਉਣ ਨਹੀਂ ਗਈ, ਬਲਕਿ ਲੜਾਈ ਝਗੜਾ ਰੋਕਣ ਲਈ ਮੌਕੇ ’ਤੇ ਜ਼ਰੂਰ ਗਈ ਸੀ।