ਪੱਤਰ ਪ੍ਰੇਰਕ
ਮਾਛੀਵਾੜਾ, 6 ਸਤੰਬਰ
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦਾ ਰੁਤਬਾ ਉੱਚਾ ਹੁੰਦਾ ਹੈ, ਇਹ ਦੋਵੇਂ ਹੀ ਰਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਕੇ ਮੁੜ ਕਾਂਗਰਸ ਦੀ ਸਰਕਾਰ ਸੱਤਾ ਵਿਚ ਲਿਆਉਣਗੇ। ਉਹ ਅੱਜ ਮਾਛੀਵਾੜਾ ਵਿਖੇ ਬਣੇ ਇੰਪਰੂਵਮੈਂਟ ਟਰੱਸਟ ਦੇ ਪਹਿਲੇ ਚੇਅਰਮੈਨ ਸ਼ਕਤੀ ਆਨੰਦ ਦੀ ਤਾਜਪੋਸ਼ੀ ਸਮਾਰੋਹ ’ਚ ਸ਼ਮੂਲੀਅਤ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਪੂਰੇ ਕੀਤੇ ਵਾਅਦਿਆਂ ਦੇ ਅਧਾਰ ’ਤੇ ਲੜੇਗੀ। ਕਿਸਾਨੀ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਪੱਖ ਸਪੱਸ਼ਟ ਹੈ ਕਿ ਉਹ ਕਾਲੇ ਕਾਨੂੰਨਾਂ ਖਿਲਾਫ਼ ਹੈ ਅਤੇ ਇਸ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਕਿਸਾਨੀ ਸੰਘਰਸ਼ ਦਾ ਡਟ ਕੇ ਸਾਥ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦਾ ਉਹ ਸਾਥ ਦੇਣਗੇ।
ਤਿੰਨ ਡਿਸਪੈਂਸਰੀਆਂ ਨੂੰ ਮੁੱਢਲੇ ਸਿਹਤ ਕੇਂਦਰ ਬਣਾਉਣ ਦਾ ਐਲਾਨ
ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਉਨ੍ਹਾਂ ਦੇ ਇਲਾਕੇ ਵਿਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਮੁੱਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਗੇ ਉਠਾਇਆ ਜਿਸ ’ਤੇ ਮੰਤਰੀ ਨੇ ਮੰਚ ’ਤੇ ਹੀ ਐਲਾਨ ਕੀਤਾ ਕਿ ਉਹ ਸਮਰਾਲਾ ਵਿਖੇ 30 ਬਿਸਤਰਿਆਂ ਵਾਲਾ ਇੱਕ ਜੱਚਾ-ਬੱਚਾ ਕੇਂਦਰ ਬਣਾਉਣਗੇ ਜਿੱਥੇ ਮਾਹਿਰ ਡਾਕਟਰਾਂ ਨਾਲ ਸਾਰੀਆਂ ਸਿਹਤ ਸੁਵਿਧਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ ਦੀਆਂ ਤਿੰਨ ਡਿਸਪੈਂਸਰੀਆਂ ਹੰਬੋਵਾਲ, ਪੰਜਗਰਾਈਆਂ ਅਤੇ ਝਾੜ ਸਾਹਿਬ ਨੂੰ ਵਿਕਸਿਤ ਕਰ ਕੇ ਮੁੱਢਲਾ ਸਿਹਤ ਕੇਂਦਰ ਬਣਾਇਆ ਜਾਵੇਗਾ ਜਿਸ ਲਈ ਇਮਾਰਤ ਤੇ ਮਾਹਿਰ ਡਾਕਟਰਾਂ ਦੀ ਪ੍ਰਬੰਧ ਸਰਕਾਰ ਵਲੋਂ ਜਲਦ ਹੀ ਕਰਵਾ ਦਿੱਤਾ ਜਾਵੇਗਾ।