ਗਗਨਦੀਪ ਅਰੋੜਾ
ਲੁਧਿਆਣਾ, 3 ਸਤੰਬਰ
ਕੋਚਰ ਮਾਰਕੀਟ ਨੇੜੇ ਜਵਾਹਰ ਨਗਰ ਕੈਂਪ ਵਿਚ ਬੁੱਧਵਾਰ ਦੀ ਦੇਰ ਰਾਤ ਨੂੰ ਉਸ ਸਮੇਂ ਅਫ਼ਰਾ ਤਫ਼ਰੀ ਮਚ ਗਈ, ਜਦੋਂ ਇੱਕ ਧੜੇ ’ਤੇ ਰੰਜਿਸ਼ ਦੇ ਚੱਲਦੇ ਨੌਜਵਾਨਾਂ ਨੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਜਦੋਂ ਬਚਾਅ ਕਰਨ ਲਈ ਪੁਲੀਸ ਉੱਥੇ ਪੁੱਜੀ ਤਾਂ ਮੁਲਜ਼ਮਾਂ ਨੇ ਪੁਲੀਸ ਮੁਲਾਜ਼ਮ ਦੇ ਸਿਰ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖਮੀ ਹੋਏ ਮੁਲਾਜ਼ਮ ਦੀ ਪਛਾਣ ਕੋਚਰ ਮਾਰਕੀਟ ’ਚ ਤਾਇਨਾਤ ਕਾਂਸਟੇਬਲ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਜਿਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੁਲੀਸ ਨੇ ਇਸ ਮਾਮਲੇ ’ਚ ਖਬਰੀ, ਜਤਿਨ, ਰਾਮ ਤੇ ਪੱਪੀ ਦੇ ਇਲਾਵਾ ਡੇਢ ਦਰਜਨ ਹੋਰ ਅਣਪਛਾਤਿਆਂ ਖਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਕਈ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਹਸਪਤਾਲ ’ਚ ਇਲਾਜ ਅਧੀਨ ਗੁਰਪ੍ਰੀਤ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਸਬ ਇੰਸਪੈਕਟਰ ਕੁਲਦੀਪ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਕੋਚਰ ਮਾਰਕੀਟ ਇਲਾਕੇ ’ਚ ਰਹਿਣ ਵਾਲੇ ਰਾਜ ਕੁਮਾਰ ਦੇ ਨਾਲ ਕੁਝ ਲੋਕ ਚੌਕੀ ਆਏ ਸਨ ਕਿ ਉਨ੍ਹਾਂ ਦਾ ਕੁਝ ਨੌਜਵਾਨਾਂ ਦੇ ਨਾਲ ਝਗੜਾ ਹੋਇਆ ਸੀ ਤੇ ਉਹ ਨੌਜਵਾਨ ਟੈਂਕੀ ਕੋਲ ਖੜ੍ਹੇ ਹਨ। ਉਹ ਉਨ੍ਹਾਂ ਨੂੰ ਘੇਰ ਕੇ ਕੁੱਟਣਗੇ। ਇਸ ਤੋਂ ਬਾਅਦ ਪੁਲੀਸ ਪਾਰਟੀ ਉੱਥੇ ਪੁੱਜ ਗਈ ਤੇ ਉਹ ਨੌਜਵਾਨ ਉੱਥੋਂ ਭੱਜ ਗਏ। ਇਸ ਤੋਂ ਬਾਅਦ ਰਾਜ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਪੁਲੀਸ ਨੇ ਘੇਰ ਲਿਆ ਤੇ ਘਰ ਜਾਣ ਲਈ ਆਖ ਦਿੱਤਾ। ਇਸ ਦੌਰਾਨ ਦੂਸਰੇ ਪੱਖ ਦੇ ਨੌਜਵਾਨ ਬਾਹਰ ਨਿਕਲੇ, ਜੋ ਕਿ ਪਿੱਛੇ ਲੁੱਕੇ ਬੈਠੇ ਸਨ। ਉਨ੍ਹਾਂ ਸਾਰਿਆਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਸੂਚਨਾ ਮਿਲਦੇ ਹੀ ਪੁਲੀਸ ਫਿਰ ਉੱਥੇ ਪੁੱਜ ਗਈ। ਕਾਂਸਟੇਬਲ ਗੁਰਪ੍ਰੀਤ ਸਿੰਘ ਇਸ ਦੌਰਾਨ ਬਚਾਅ ਕਰਨ ਗਿਆ ਤਾਂ ਦੂਸਰੇ ਧੜੇ ਦੇ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਪੁਲੀਸ ਨੇ ਸਾਥੀ ਮੁਲਾਜ਼ਮ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਭਰਤੀ ਕਰਵਾ ਦਿੱਤਾ ਹੈ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ।